ਮੁੰਬਈ : ਇੰਡੀਗੋ ਏਅਰਲਾਈਨਜ਼ ਦੀ ਮੁੰਬਈ-ਰਾਂਚੀ ਫਲਾਈਟ ‘ਚ ਦੇਰ ਰਾਤ ਇਕ ਯਾਤਰੀ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਫਲਾਈਟ ਦੀ ਨਾਗਪੁਰ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਪਰ ਹਸਪਤਾਲ ਲਿਜਾਂਦੇ ਸਮੇਂ ਯਾਤਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਰਾਂਚੀ ਲਈ ਰਵਾਨਾ ਕੀਤਾ ਗਿਆ।
ਦੱਸਿਆ ਗਿਆ ਕਿ ਮੁੰਬਈ ਤੋਂ ਰਾਂਚੀ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਸਵਾਰ 62 ਸਾਲਾ ਯਾਤਰੀ ਦੀ ਖੂਨ ਦੀਆਂ ਉਲਟੀਆਂ ਕਾਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਨਾਗਪੁਰ ਹਵਾਈ ਅੱਡੇ ‘ਤੇ ਤਾਇਨਾਤ KIMS-ਕਿੰਗਸਵੇ ਹਸਪਤਾਲ ਦੀ ਮੈਡੀਕਲ ਟੀਮ ਨੇ ਯਾਤਰੀ ਦਾ ਇਲਾਜ ਕੀਤਾ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਦੱਸਿਆ ਗਿਆ ਕਿ ਰਾਤ ਕਰੀਬ 8 ਵਜੇ ਮੁੰਬਈ ਤੋਂ ਰਾਂਚੀ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਯਾਤਰੀ ਦੇਵਾਨੰਦ ਤਿਵਾਰੀ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਹਸਪਤਾਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਤਪਦਿਕ ਅਤੇ ਗੰਭੀਰ ਗੁਰਦੇ ਦੀ ਬਿਮਾਰੀ (ਸੀਕੇਡੀ) ਤੋਂ ਪੀੜਤ ਸੀ। ਉਸ ਨੇ ਜਹਾਜ਼ ਵਿਚ ਵੱਡੀ ਮਾਤਰਾ ਵਿਚ ਖੂਨ ਦੀ ਉਲਟੀ ਕੀਤੀ ਅਤੇ ਉਸ ਨੂੰ ਹਸਪਤਾਲ ਵਿਚ ਮ੍ਰਿਤਕ ਅਵਸਥਾ ਵਿੱਚ ਲਿਆਂਦਾ ਗਿਆ। ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ ਹੈ। ਜ਼ਰੂਰੀ ਡਾਕਟਰੀ ਪ੍ਰਕਿਰਿਆਵਾਂ ਅਤੇ ਕਲੀਅਰੈਂਸ ਤੋਂ ਬਾਅਦ, ਇੰਡੀਗੋ ਫਲਾਈਟ ਨੇ ਨਾਗਪੁਰ ਤੋਂ ਰਾਂਚੀ ਤੱਕ ਆਪਣੀ ਯਾਤਰਾ ਸਫਲਤਾਪੂਰਵਕ ਮੁੜ ਸ਼ੁਰੂ ਕੀਤੀ।
ਮਹੱਤਵਪੂਰਨ ਗੱਲ ਇਹ ਹੈ ਕਿ ਏਅਰਪੋਰਟ ਤੋਂ ਮਰੀਜ ਨੂੰ ਹਸਪਤਾਲ ਲਿਆਉਣ ਦੀ ਇਹ ਦੂਜੀ ਘਟਨਾ ਹੈ। ਪਿਛਲੇ ਹਫ਼ਤੇ ਹੀ, ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿੱਚ ਨਾਗਪੁਰ-ਪੁਣੇ ਦੀ ਉਡਾਣ ਦੀ ਉਡੀਕ ਕਰਦੇ ਸਮੇਂ ਇੰਡੀਗੋ ਦੇ ਇੱਕ 40 ਸਾਲਾ ਪਾਇਲਟ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਤਾਸ਼ਕੰਦ, ਉਜ਼ਬੇਕਿਸਤਾਨ ਲਈ ਇੰਡੀਗੋ ਦੀਆਂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਹੈ।
ਏਅਰਲਾਈਨ ਨੇ ਕਿਹਾ ਕਿ ਉਹ 22 ਸਤੰਬਰ ਤੋਂ ਤਾਸ਼ਕੰਦ ਲਈ ਸੇਵਾਵਾਂ ਸ਼ੁਰੂ ਕਰੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡੀਜੀਸੀਏ ਨੇ 6 ਸਤੰਬਰ ਤੋਂ ਤਾਸ਼ਕੰਦ ਲਈ ਇੰਡੀਗੋ ਦੇ ਉਡਾਣ ਸੰਚਾਲਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੰਡੀਗੋ ਹਫ਼ਤੇ ਵਿੱਚ ਚਾਰ ਵਾਰ ਦਿੱਲੀ ਅਤੇ ਤਾਸ਼ਕੰਦ ਵਿਚਕਾਰ ਸਿੱਧੀ ਸੇਵਾਵਾਂ ਚਲਾਏਗੀ। ਇਹ ਏਅਰਲਾਈਨ ਦੀ 31ਵੀਂ ਅੰਤਰਰਾਸ਼ਟਰੀ ਮੰਜ਼ਿਲ ਹੋਵੇਗੀ।