Punjab

ਪੰਜਾਬ ’ਚ ਬਿਜਲੀ ਕਨੈਕਸ਼ਨ ਲੈਣਾ ਹੋਇਆ ਆਸਾਨ, ਛੋਟੇ ਕਾਰੋਬਾਰੀਆਂ ਨੂੰ ਹੋਏਗਾ ਫਾਇਦਾ

ਬਿਊਰੋ ਰਿਪੋਰਟ (11 ਨਵੰਬਰ 2025): ਪੰਜਾਬ ਸਰਕਾਰ ਨੇ ਬਿਜਲੀ ਖੇਤਰ ਵਿੱਚ ਵੱਡਾ ਸੁਧਾਰ ਕਰਦਿਆਂ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਪ੍ਰਕਿਰਿਆ ਕਾਫੀ ਆਸਾਨ ਕਰ ਦਿੱਤੀ ਹੈ। ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਹੁਣ 50 ਕਿਲੋਵਾਟ ਤੱਕ ਦੇ ਲੋਡ (LT ਸ਼੍ਰੇਣੀ) ਵਾਲੇ ਉਪਭੋਗਤਾਵਾਂ ਨੂੰ ਨਵੇਂ ਕਨੈਕਸ਼ਨ ਜਾਂ ਲੋਡ ਵਧਾਉਣ ਲਈ ਲਾਇਸੰਸਸ਼ੁਦਾ ਇਲੈਕਟ੍ਰਿਕਲ ਠੇਕੇਦਾਰ ਦੀ ਟੈਸਟ ਰਿਪੋਰਟ ਦੇਣ ਦੀ ਲੋੜ ਨਹੀਂ ਹੋਵੇਗੀ।

ਉਪਭੋਗਤਾਵਾਂ ਨੂੰ ਸਿਰਫ਼ ਆਨਲਾਈਨ ਅਰਜ਼ੀ ਵਿੱਚ ਇਹ ਸਵੈ-ਘੋਸ਼ਣਾ ਦੇਣੀ ਹੋਵੇਗੀ ਕਿ ਉਨ੍ਹਾਂ ਨੇ ਬਿਜਲੀ ਫਿੱਟਿੰਗ ਪਾਵਰਕਾਮ ਦੁਆਰਾ ਅਧਿਕਾਰਤ ਠੇਕੇਦਾਰ ਤੋਂ ਕਰਵਾਈ ਹੈ। ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਬੇਜਾ ਖਰਚੇ ਤੋਂ ਬਚਤ ਹੋਵੇਗੀ।
ਮੰਤਰੀ ਅਰੋੜਾ ਨੇ ਦੱਸਿਆ ਕਿ 50 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਲਈ ਟੈਸਟ ਰਿਪੋਰਟ ਲਾਜ਼ਮੀ ਰਹੇਗੀ, ਪਰ PSPCL ਅਧਿਕਾਰੀ ਉਸ ਦੀ ਜਾਂਚ ਨਹੀਂ ਕਰਨਗੇ। HT ਅਤੇ EHT ਕਨੈਕਸ਼ਨ ਲਈ ਚੀਫ ਇਲੈਕਟ੍ਰਿਕਲ ਇੰਸਪੈਕਟਰ ਦੀ ਰਿਪੋਰਟ ਤਾਂ ਲੋੜੀਂਦੀ ਰਹੇਗੀ ਪਰ ਟੈਸਟ ਰਿਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ।

ਇਨ੍ਹਾਂ ਸੁਧਾਰਾਂ ਨਾਲ ਪ੍ਰਕਿਰਿਆ ‘ਚ ਪਾਰਦਰਸ਼ਤਾ, ਤੇਜ਼ੀ ਅਤੇ ਉਪਭੋਗਤਾ ਸਹੂਲਤ ਵਧੇਗੀ। ਸੁਰੱਖਿਆ ਨਿਯਮ ਪਹਿਲਾਂ ਵਾਂਗ ਲਾਗੂ ਰਹਿਣਗੇ ਅਤੇ ਸਾਰੇ HT/EHT ਉਪਭੋਗਤਾਵਾਂ ਦਾ ਸਾਲਾਨਾ ਨਿਰੀਖਣ ਚੀਫ ਇਲੈਕਟ੍ਰਿਕਲ ਇੰਸਪੈਕਟਰ ਕਰੇਗਾ। ਇਹ ਨਿਯਮ ਖੇਤੀਬਾੜੀ ਉਪਭੋਗਤਾਵਾਂ ‘ਤੇ ਲਾਗੂ ਨਹੀਂ ਹੋਵੇਗਾ।

ਛੋਟੀ ਉਦਯੋਗਿਕ ਇਕਾਈਆਂ ਨੂੰ ਇਸ ਫੈਸਲੇ ਨਾਲ ਖਾਸ ਲਾਭ ਹੋਵੇਗਾ ਕਿਉਂਕਿ 50 ਕਿਲੋਵਾਟ ਤੱਕ ਦਾ ਕਨੈਕਸ਼ਨ ਆਮ ਤੌਰ ‘ਤੇ ਛੋਟੇ ਕਾਰੋਬਾਰੀ ਲੈਂਦੇ ਹਨ।