‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਮੰਗ ‘ਤੇ ਅਮਲ ਕਰਦਿਆਂ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਤੱਕ ਮੁਲਤਵੀ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਚੋਣਾਂ ਅੱਗੇ ਪਾਉਣ ਦੀ ਮੰਗ ਕੀਤੀ। ਚੰਨੀ ਨੇ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ 16 ਫਰਵਰੀ ਨੂੰ ਭਗਤ ਰਵੀਦਾਸ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਅਤੇ ਇਸ ਮੌਕੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਵਾਰਾਣਸੀ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ। ਰਵੀਦਾਸ ਭਾਈਚਾਰੇ ਵੱਲੋਂ ਅੱਜ ਚੋਣਾਂ ਅੱਗੇ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ ਵਿੱਚ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕੀਤਾ ਗਿਆ। ਉਂਝ, ਸਭ ਤੋਂ ਪਹਿਲਾਂ ਭਗਤ ਰਵੀਦਾਸ ਪੁਰਬ ਦੇ ਹਵਾਲੇ ਨਾਲ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਪੰਜਾਬ ਵਿੱਚ ਰਾਖਵੇਂ ਵਰਗ ਦੀ 31 ਫ਼ੀਸਦੀ ਵੋਟ ਰਾਖਵੀਂ ਹੈ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 34 ਰਾਖਵੇਂ ਕੀਤੇ ਗਏ ਹਨ। ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਰਾਖਵੇਂ ਭਾਈਚਾਰੇ ਦਾ ਸਭ ਤੋਂ ਵੱਧ ਆਧਾਰ ਦੁਆਬੇ ਵਿੱਚ ਹੈ ਅਤੇ ਦੁਆਬੇ ਦੀਆਂ ਦਰਜਨ ਤੋਂ ਵੱਧ ਸੀਟਾਂ ਦਾ ਫੈਸਲਾ ਰਾਖਵੇਂ ਭਾਈਚਾਰੇ ਦੇ ਹੱਥਾਂ ਵਿੱਚ ਹੁੰਦਾ ਹੈ। ਪਤਾ ਲੱਗਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੀ ਮੰਗ ‘ਤੇ ਵਿਚਾਰ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿੱਚ ਵਿਚਾਰ ਕਰਨ ਤੋਂ ਬਾਅਦ ਚੋਣਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਚੋਣ ਕਮਿਸ਼ਨ ਦੇ ਨਵੇਂ ਫੈਸਲੇ ਮੁਤਾਬਕ ਪੰਜਾਬ ਵਿੱਚ ਵੋਟਾਂ 20 ਫਰਵਰੀ ਦਿਨ ਐਤਵਾਰ ਨੂੰ ਪੈਣਗੀਆਂ ਜਦਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਸੋਮਵਾਰ ਦਾ ਦਿਨ ਪੈ ਰਿਹਾ ਸੀ। ਭਾਰਤੀ ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਕਰਾਉਣ ਦਾ ਫੈਸਲਾ ਲਿਆ ਹੈ ਪਰ ਪੰਜਾਬ ਦੀਆਂ ਚੋਣਾਂ ਇੱਕੋ ਗੇੜ ਵਿੱਚ ਹੋ ਰਹੀਆਂ ਹਨ। ਨਤੀਜੇ ਦਾ ਐਲਾਨ 10 ਮਾਰਚ ਨੂੰ ਕੀਤਾ ਜਾਣਾ ਹੈ।