The Khalas Tv Blog India ਦੇਸ਼ ਦੇ ਇਹਨਾਂ ਇਲਾਕਿਆਂ ‘ਚ ਹੋਈਆਂ ਅੱਜ ਚੋਣਾਂ,ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ ਮਸ਼ੀਨਾਂ ‘ਚ ਬੰਦ
India Punjab

ਦੇਸ਼ ਦੇ ਇਹਨਾਂ ਇਲਾਕਿਆਂ ‘ਚ ਹੋਈਆਂ ਅੱਜ ਚੋਣਾਂ,ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ ਮਸ਼ੀਨਾਂ ‘ਚ ਬੰਦ

ਜਲੰਧਰ : ਪੰਜਾਬ ਦੇ ਜਲੰਧਰ ਸੰਸਦੀ ਹਲਕੇ ਸਣੇ ਦੇਸ਼ ਦੇ ਹੋਰ ਕਈ ਹਿੱਸਿਆਂ ‘ਚ ਅੱਜ ਚੋਣਾਂ ਦਾ ਦਿਨ ਰਿਹਾ। ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ, ਉੱਤਰ ਪ੍ਰਦੇਸ਼ ਦੇ ਛਾਂਬੇ ਅਤੇ ਸੁਆਰ, ਓਡੀਸ਼ਾ ਦੇ ਝਾਰਸੁਗੁੜਾ ਅਤੇ ਮੇਘਾਲਿਆ ਦੇ ਸੋਹੀਓਂਗ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਖ਼ਤਮ ਹੋ ਗਈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।

ਜਲੰਧਰ ਲੋਕ ਸਭਾ ਹਲਕਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸੱਤਾਧਾਰੀ ਆਮ ਆਦਮੀ ਪਾਰਟੀ,ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਿੱਧਾ ਚੋਣ ਮੁਕਾਬਲਾ ਹੈ।ਇਸ ਇਲਾਕੇ ਵਿੱਚ ਕੁੱਲ 16,21,800 ਵੋਟਰ ਹਨ ,ਜਿਹਨਾਂ ਵਿੱਚੋਂ 50.27 ਫੀਸਦੀ (5 ਵਜੇ ਤੱਕ) ਲੋਕਾਂ ਨੇ ਆਪਣੇ ਮਤਦਾਨ ਦੇ ਹੱਕ ਦੀ ਵਰਤੋਂ ਕੀਤੀ ਹੈ ਤੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੁਣ ਵੋਟਿੰਗ ਮਸ਼ੀਨਾਂ ਚ ਕੈਦ ਹੋ ਗਿਆ ਹੈ ,ਜਿਸ ਦਾ ਖੁਲਾਸਾ  13 ਮਈ ਨੂੰ ਹੋਵੇਗਾ। ਅਧਿਕਾਰੀਆਂ ਨੇ ਜਲੰਧਰ ਸੰਸਦੀ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 1,972 ਪੋਲਿੰਗ ਸਟੇਸ਼ਨ ਬਣਾਏ ਹਨ।

ਜ਼ਿਕਰਯੋਗ ਹੈ ਕਿ ਜਲੰਧਰ ਸੰਸਦੀ ਹਲਕਾ ਸੀਟ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ 14 ਜਨਵਰੀ ਨੂੰ ਪਾਰਟੀ ਦੀ ਭਾਰਤ ਜੋੜੋ ਯਾਤਰਾ ‘ਚ ਹਿੱਸਾ ਲੈਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਕਾਰਨ ਖਾਲੀ ਹੋ ਗਈ ਸੀ।

‘ਆਪ’ ਨੇ ਕਾਂਗਰਸ ਛੱਡ ਕੇ ਪੰਜਾਬ ਦੀ ਸੱਤਾਧਾਰੀ ਪਾਰਟੀ ‘ਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਮੈਦਾਨ ‘ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ‘ਤੇ ਭਰੋਸਾ ਪ੍ਰਗਟਾਇਆ ਹੈ। ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਮੈਦਾਨ ‘ਚ ਉਤਾਰਿਆ ਹੈ ਜਦੋਂ ਕਿ ਅਕਾਲੀ ਦਲ ਨੇ ਬੰਗਾ ਸੀਟ ਤੋਂ ਮੌਜੂਦਾ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਜੋ ਕਿ ਇੱਕ ਡਾਕਟਰ ਹਨ, ਨੂੰ ਮੈਦਾਨ ਵਿੱਚ ਉਤਾਰਿਆ ਹੈ।ਇਸ ਜ਼ਿਮਨੀ ਚੋਣ ਨੂੰ ਭਗਵੰਤ ਮਾਨ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੇ ਇਮਤਿਹਾਨ ਵਜੋਂ ਦੇਖਿਆ ਜਾ ਰਿਹਾ ਹੈ।

ਕਰਨਾਟਕ ਵਿਧਾਨ ਸਭਾ ਚੋਣਾਂ

ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋਈਆਂ ਹਨ। ਸੂਬੇ ਦੇ 224 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਖ਼ਤਮ ਹੋ ਗਈ ਹੈ। ਕਰਨਾਟਕ ਵਿੱਚ 224 ਵਿਧਾਨ ਸਭਾ ਹਲਕਿਆਂ ਲਈ  2,615 ਉਮੀਦਵਾਰ ਮੈਦਾਨ ਵਿੱਚ ਹਨ।

ਰਾਜ ਭਰ ਦੇ 58,545 ਪੋਲਿੰਗ ਸਟੇਸ਼ਨਾਂ ‘ਤੇ ਕੁੱਲ 5,31,33,054 ਵੋਟਰ ਹਨ ,ਜਿਹਨਾਂ ਵਿੱਚੋਂ 65.69 ਫੀਸਦੀ ਲੋਕਾਂ ਨੇ ਆਪਣੀ ਵੋਟ ਸ਼ਕਤੀ ਦਾ ਇਸਤੇਮਾਲ ਕੀਤਾ ਹੈ । ਇਹਨਾਂ 224 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ, ਕਾਂਗਰਸ ਅਤੇ ਜੇਡੀ (ਐਸ) ਦੇ ਉਮੀਦਵਾਰਾਂ ਦੇ ਨਾਲ-ਨਾਲ ਹੋਰ ਵੀ ਕਈਆਂ ਦੀ ਕਿਸਮਤ ਦਾ ਫੈਸਲੇ ਬਾਰੇ ਹੁਣ ਨਤੀਜੇ ਵਾਲੇ ਦਿਨ ਪਤਾ ਲਗੇਗਾ । ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 113 ਹੈ।

ਸੂਅਰ ਵਿਧਾਨ ਸਭਾ ਹਲਕਾ, ਰਾਮਪੁਰ, ਯੂ.ਪੀ

ਯੂਪੀ ਵਿੱਚ ਉਪ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਅਤੇ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ਵਿਚਕਾਰ ਇੱਕ ਹੋਰ ਮੁਕਾਬਲਾ ਦੇਖਣ ਦੀ ਸੰਭਾਵਨਾ ਹੈ। ਰਾਮਪੁਰ ਦੀ ਸੁਆਰ ਵਿਧਾਨ ਸਭਾ ਸੀਟ ‘ਤੇ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਹੈ ਜਿੱਥੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਖਾਨ ਨੇ ਪਾਰਟੀ ਲਈ ਪ੍ਰਚਾਰ ਕੀਤਾ ਹੈ ਜਦੋਂਕਿ ਭਾਜਪਾ ਨੇ ਆਪਣੇ ਸਹਿਯੋਗੀ ਅਪਨਾ ਦਲ (ਐਸ) ਲਈ ਸੀਟ ਛੱਡਣ ਦੇ ਬਾਵਜੂਦ ਸਰਗਰਮੀ ਨਾਲ ਪ੍ਰਚਾਰ ਕੀਤਾ ਹੈ।

ਅਬਦੁੱਲਾ ਆਜ਼ਮ ਖਾਨ ਦੀ ਸੁਆਰ ਸੀਟ ਨੂੰ ਮੁਰਾਦਾਬਾਦ ਦੀ ਅਦਾਲਤ ਨੇ 15 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਸੰਸਦ ਮੈਂਬਰ ਨੂੰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਸੀ। 2022 ਦੀਆਂ ਯੂਪੀ ਚੋਣਾਂ ਵਿੱਚ, ਅਬਦੁੱਲਾ ਖਾਨ ਨੇ ਅਪਨਾ ਦਲ (ਸੋਨੇਲਾਲ) ਦੇ ਹੈਦਰ ਅਲੀ ਖਾਨ ਨੂੰ 61,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸੂਆਰ ਵਿੱਚ ਤਿੰਨ ਲੱਖ ਤੋਂ ਵੱਧ ਰਜਿਸਟਰਡ ਵੋਟਰ ਹਨ।

ਸਪਾ ਨੇ ਅਨੁਰਾਧਾ ਚੌਹਾਨ ਨੂੰ ਸੀਟ ਤੋਂ ਉਮੀਦਵਾਰ ਬਣਾਇਆ ਹੈ ਅਤੇ ਅਪਨਾ ਦਲ ਨੇ ਸ਼ਫੀਕ ਅਹਿਮਦ ਅੰਸਾਰੀ ਨੂੰ ਉਮੀਦਵਾਰ ਬਣਾਇਆ ਹੈ। ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਨੇ ਇਸ ਸੀਟ ‘ਤੇ ਉਮੀਦਵਾਰ ਨਹੀਂ ਉਤਾਰੇ ਹਨ। ਇਸ ਸੀਟ ਲਈ ਕੁੱਲ ਛੇ ਉਮੀਦਵਾਰ ਮੈਦਾਨ ਵਿੱਚ ਹਨ।

ਛਾਂਬੇ ਵਿਧਾਨ ਸਭਾ ਹਲਕਾ, ਮਿਰਜ਼ਾਪੁਰ, ਯੂ.ਪੀ

ਜ਼ਿਮਨੀ ਚੋਣ ਆਪਨਾ ਦਲ (ਐਸ) ਦੇ ਮੌਜੂਦਾ ਸੰਸਦ ਮੈਂਬਰ ਰਾਹੁਲ ਕੋਲ ਦੀ ਮੌਤ ਕਾਰਨ ਖਾਲੀ ਹੋਈ ਸੀ। ਪਾਰਟੀ ਨੇ ਕੋਲ ਦੀ ਪਤਨੀ ਰਿੰਕੀ ਕੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦੋਂਕਿ ਸਾਬਕਾ ਸੰਸਦ ਮੈਂਬਰ ਭਾਈ ਲਾਲ ਕੋਲ ਦੀ ਧੀ ਕੀਰਤੀ ਕੋਲ ਸਪਾ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਇਸ ਸੀਟ ਲਈ ਕੁੱਲ ਅੱਠ ਉਮੀਦਵਾਰ ਮੈਦਾਨ ਵਿੱਚ ਹਨ।

ਝਾਰਸੁਗੁਡਾ ਵਿਧਾਨ ਸਭਾ ਹਲਕਾ, ਓਡੀਸ਼ਾ

ਝਾਰਸੁਗੁੜਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਇਸ ਲਈ ਮਹੱਤਵਪੂਰਨ ਮੰਨੀ ਜੀ ਰਹੀ ਹੈ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਖਰੀ ਚੋਣ ਹੈ। ਬੀਜੂ ਜਨਤਾ ਦਲ (ਬੀਜੇਡੀ), ਕਾਂਗਰਸ ਅਤੇ ਭਾਜਪਾ ਸਮੇਤ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਹੈਵੀਵੇਟ ਪ੍ਰਚਾਰਕਾਂ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ।ਇਸ ਸਾਲ 29 ਜਨਵਰੀ ਨੂੰ  ਵਿਧਾਇਕ ਅਤੇ ਰਾਜ ਦੇ ਤਤਕਾਲੀ ਸਿਹਤ ਮੰਤਰੀ ਨਬਾ ਕਿਸ਼ੋਰ ਦਾਸ ਦੇ ਕਤਲ ਤੋਂ ਬਾਅਦ ਉਪ ਚੋਣ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਸੀ।

ਇਥੇ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਹਾਲਾਂਕਿ ਮੁਕਾਬਲਾ ਮੁੱਖ ਤੌਰ ‘ਤੇ ਬੀਜੇਡੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਬੀਜੇਡੀ ਨੇ ਦਾਸ ਦੀ ਬੇਟੀ ਦੀਪਾਲੀ ਦਾਸ ਨੂੰ ਮੈਦਾਨ ‘ਚ ਉਤਾਰਿਆ ਹੈ, ਜਦਕਿ ਭਾਜਪਾ ਨੇ ਟਾਂਕਧਰ ਤ੍ਰਿਪਾਠੀ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਮਰਹੂਮ ਵਿਧਾਇਕ ਬੀਰੇਨ ਪਾਂਡੇ ਦੇ ਬੇਟੇ ਤਰੁਣ ਪਾਂਡੇ ਨੂੰ ਮੈਦਾਨ ‘ਚ ਉਤਾਰਿਆ ਹੈ।

ਸੋਹੀਓਂਗ ਵਿਧਾਨ ਸਭਾ ਹਲਕਾ, ਮੇਘਾਲਿਆ

ਇਸ ਸਾਲ 27 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ (ਯੂਡੀਪੀ) ਦੇ ਉਮੀਦਵਾਰ ਐਚਡੀਆਰ ਲਿੰਗਦੋਹ ਦੀ ਮੌਤ ਤੋਂ ਬਾਅਦ ਮੇਘਾਲਿਆ ਦੇ ਸੋਹੀਓਂਗ ਵਿਧਾਨ ਸਭਾ ਹਲਕੇ ਲਈ ਉਪ ਚੋਣ ਦਾ ਐਲਾਨ ਹੋਇਆ ਸੀ। ਲਿੰਗਦੋਹ ਦੀ ਮੌਤ ਕਾਰਨ ਸੋਹੀਓਂਗ ਲਈ ਪੋਲਿੰਗ ਮੁਲਤਵੀ ਕਰ ਦਿੱਤੀ ਗਈ ਸੀ।

ਕੁੱਲ ਛੇ ਉਮੀਦਵਾਰ, ਯੂਡੀਪੀ ਦੇ ਸਿੰਸ਼ਰ ਲਿੰਗਦੋਹ ਥਬਾਹ, ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ ਸੈਮਲਿਨ ਮਲਨਗਿਆਂਗ, ਕਾਂਗਰਸ ਦੇ ਐਸ ਓਸਬੋਰਨ ਖਰਜਾਨਾ, ਹਿੱਲ ਸਟੇਟ ਪੀਪਲਜ਼ ਡੈਮੋਕਰੇਟਿਕ ਪਾਰਟੀ (ਐਚਐਸਪੀਡੀਪੀ) ਦੇ ਸੈਂਡੋਡੋਰ ਰਿਨਤਾਥਿਯਾਂਗ, ਭਾਜਪਾ ਦੇ ਸੇਰੇਫ ਈ ਖਰਬੂਕੀ ਅਤੇ ਟੀਐਮਸੀ ਦੇ ਸਟੋਡਿੰਗਸਟਾਰ ਥਾਬਾ ਮੈਦਾਨ ਵਿੱਚ ਹਨ।

Exit mobile version