Punjab

ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਦੀ ਲੋਕ ਸਭਾ ਚੋਣ ਨੂੰ ਚੁਣੌਤੀ, ਹਾਈਕੋਰਟ ’ਚ ਚੋਣ ਪਟੀਸ਼ਨ ਦਾਇਰ

ਬਿਉਰੋ ਰਿਪੋਰਟ: ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੋਣ ਪਟੀਸ਼ਨ ਦਾਇਰ ਕੀਤੀ ਗਈ ਹੈ। ਗੌਰਵ ਲੂਥਰਾ ਵਲੋਂ ਉਨ੍ਹਾਂ ਦੀ ਲੋਕ ਸਭਾ ਚੋਣ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਵਿੱਚ ਦਾਇਰ ਪਟੀਸ਼ਨ ਮੁਤਾਬਕ ਪ੍ਰਤੀਵਾਦੀ ਨੂੰ 12 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਈ.ਸੀ.ਆਈ. ਦੇ ਨਿਯਮਾਂ ਅਨੁਸਾਰ ਖ਼ਰਚ ਸਮੇਤ ਦਸਤਾਵੇਜ਼ ਜਮ੍ਹਾ ਕਰਨ ਵਿਚ ਉਲੰਘਣਾ ਹੋਈ ਹੈ।

ਲੂਥਰਾ ਮੁਤਾਬਕ ਇਹ ਪਟੀਸ਼ਨ 10 ਜੁਲਾਈ ਨੂੰ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ 26 ਜੁਲਾਈ ਨੂੰ ਕੁਝ ਖ਼ਾਮੀਆਂ ਲੱਭ ਕੇ ਦਸਤਾਵੇਜ਼ ਦਾਇਰ ਕੀਤੇ ਗਏ। ਹੁਣ ਇਸ ਦੀ ਸੁਣਵਾਈ 12 ਅਗਸਤ ਨੂੰ ਹਾਈ ਕੋਰਟ ਵਿੱਚ ਹੋਵੇਗੀ।

ਸ਼ਿਕਾਇਤਕਰਤਾ ਗੌਰਵ ਲੂਥਰਾ ਨੇ ਦੱਸਿਆ ਕਿ ਚੋਣਾਂ ਦੌਰਾਨ ਚੋਣ ਵਿਭਾਗ ਵੱਲੋਂ ਖ਼ਰਚੇ ਸਬੰਧੀ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਪਰ ਮੈਦਾਨ ’ਤੇ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਵਿਚਾਲੇ ਦੋਸਤਾਨਾ ਮੈਚ ਤੈਅ ਹੁੰਦਾ ਹੈ। ਸਿਆਸਤਦਾਨ ਸ਼ਰ੍ਹੇਆਮ ਖੁੱਲ੍ਹਾ ਖ਼ਰਚ ਕਰਦੇ ਹਨ, ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।

ਲੂਥਰਾ ਨੇ ਚੰਨੀ ’ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਖ਼ਰਚੇ ਦਾ ਪੂਰਾ ਹਿਸਾਬ ਨਹੀਂ ਦਿੱਤਾ ਹੈ। ਇਸ ਲਈ ਉਸ ਨੇ ਦਿਸ਼ਾ-ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ਲਈ ਸਬੂਤਾਂ ਦੇ ਨਾਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਹਾਈਕੋਰਟ ਨੇ ਨੋਟਿਸ ਲਿਆ ਹੈ।

ਗੌਰਵ ਲੂਥਰਾ ਨੇ ਦੱਸਿਆ ਕਿ ਕਿ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਜਲੰਧਰ ਦੇ ਚੋਣ ਅਧਿਕਾਰੀ ਰਾਹੀਂ EVMs ਨੂੰ ਸੁਰੱਖਿਅਤ ਰੱਖਣ ਸਮੇਤ ਸਾਰਾ ਰਿਕਾਰਡ ਰੱਖਣ ਲਈ ਕਿਹਾ ਹੈ। ਇਸ ਮਾਮਲੇ ਵਿੱਚ ਪਾਰਟੀ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਲੂਥਰਾ ਨੇ ਦੱਸਿਆ ਕਿ ਉਸਨੇ ਚੋਣਾਂ ਤੋਂ ਪਹਿਲਾਂ ਵੀ ਜਲੰਧਰ ਦੇ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਹੁਣ ਉਸਨੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਹੈ।

ਲੂਥਰਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੋਈ ਆਮ ਵਿਅਕਤੀ ਨਹੀਂ ਹਨ, ਉਹ ਸਾਬਕਾ ਸੀ.ਐਮ. ਹਨ। ਅਜਿਹੇ ’ਚ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਸੀ। ਹਾਲਾਂਕਿ ਇਸ ਮਾਮਲੇ ਸਬੰਧੀ ਲੂਥਰਾ ਦੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਗੱਲ ਨਹੀਂ ਹੋਈ ਹੈ।