ਅੰਮ੍ਰਿਤਸਰ: ਸਿੱਖਾਂ ਦੀ ਸਿਰੋਮਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Harjinder Singh Dhami) ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਇਆ। ਧਾਮੀ ਨੂੰ 104 ਵੋਟਾਂ ਤੇ ਬੀਬੀ ਜਗੀਰ ਕੌਰ ( Bibi Jagir Kaur ) ਨੂੰ 42 ਵੋਟਾਂ ਮਿਲੀਆਂ ਹਨ।
ਧਾਮੀ ਨੇ ਆਪਣੀ ਵਿਰੋਧੀ ਬੀਬੀ ਜਗੀਰ ਕੌਰ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਹੈ । ਅੱਜ ਦੁਪਹਿਰ ਇੱਕ ਵਜੇ ਸ਼ੁਰੂ ਹੋਏ ਇਜਲਾਸ ਵਿੱਚ ਵੋਟਿੰਗ ਹੋਈ ਹੈ ਤੇ ਕਰੀਬ 3 ਵਜੇ ਇਸ ਦੇ ਨਤੀਜੇ ਦਾ ਐਲਾਨ ਹੋਇਆ ਹੈ। ਦਰਅਸਲ ਪ੍ਰਧਾਨ ਦੀ ਚੋਣ ਐਨੀ ਸੌਖੀ ਵੀ ਨਹੀਂ ਸੀ । ਕਮੇਟੀ ਜੇ ਮੈਂਬਰ ਵੀ ਦੁਚਿੱਤੀ ‘ਚ ਸਨ। ਬੀਬੀ ਜਗੀਰ ਕੌਰ ਨੇ ਪੂਰੇ ਜੋਸ਼ ਮਾਲ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ । ਦੂਜੇ ਪਾਸੇ ਅਕਾਲੀ ਦਲ ਵੱਲੋਂ ਉਤਾਰੇ ਉਮੀਵਾਰ ਧਾਮੀ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ ਸੀ ।
ਸ਼੍ਰੋਮਣੀ ਕਮੇਟੀ ਤੋਂ ਬਾਗੀ ਹੋ ਕੇ ਵੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਪਰ ਫਿਰ ਵੀ ਅੱਜ ਉਨ੍ਹਾਂ ਦੇ ਹੱਥ ਖਾਲੀ ਰਹਿ ਗਏ ਹਨ। ਧਾਮੀ ਦੇ ਹੱਕ ਵਿੱਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲਿਆਂ ਹਨ ।
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਗ਼ਾਵਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 9 ਨਵੰਬਰ ਨੂੰ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ । ਬੀਬੀ ਜਗੀਰ ਕੌਰ ਦੇ ਐਲਾਨ ਨਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦਿਲਚਸਪ ਬਣ ਗਈ ਸੀ।
ਇਸ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਹਿਮਤੀ ਨਾਲ ਪ੍ਰਧਾਨ ਬਣਾਏ ਜਾਣ ਦੀ ਕਵਾਇਦ ਵੀ ਚੱਲ ਰਹੀ ਸੀ। ਬੀਬੀ ਜਗੀਰ ਕੌਰ ਨੂੰ ਕਈ ਵਾਰ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਵੀ ਕੀਤੀ ਗਈ ਕਿ ਉਹ ਚੋਣ ਨਾ ਲੜਨ ਤੇ ਧਾਮੀ ਨੂੰ ਪ੍ਰਧਾਨ ਬਣਨ ਦੇਣ ਪਰ ਬੀਬੀ ਨੇ ਉਹਨਾਂ ਦੀ ਨਹੀਂ ਮੰਨੀ ਤੇ ਚੋਣਾਂ ਲੜਨ ਲਈ ਅੜੇ ਰਹੇ।
ਇਸ ਵਿਚਾਲੇ ਕਈ ਖ਼ਬਰਾਂ ਵੀ ਆਈਆਂ ਕਿ ਬੀਬੀ ਜਗੀਰ ਕੌਰ ਨੂੰ ਅੱਸਿਧੇ ਤੌਰ ‘ਤੇ ਭਾਜਪਾ ਦੀ ਹਮਾਇਤ ਮਿਲ ਰਹੀ ਹੈ ਤੇ ਉਹ ਬਾਹਰੋਂ ਬਾਹਰੀ ਹੀ ਕਮੇਟੀ ਦੇ ਮੈਂਬਰਾਂ ਨਾਲ ਸਪੰਰਕ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਨੂੰ ਹਮਾਇਤ ਦੇਣ ਦਾ ਐਲਾਨ ਵੀ ਕੀਤਾ।
ਇਸ ਤਰਾਂ ਕਮੇਟੀ ਤੋਂ ਬਾਗ਼ੀ ਹੋਕੇ ਬੀਬੀ ਜਗੀਰ ਕੌਰ ਨੇ ਚੋਣ ਲੜੀ ਪਰ ਉਹ ਜਿੱਤ ਨਹੀਂ ਸਕੇ । ਧਾਮੀ ਨੂੰ ਦੂਜੀ ਵਾਰ ਸਿੱਖਾਂ ਦੀ ਸਿਰਮੋਰ ਸੰਸਥਾ SGPC ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ । ਦੱਸਿਆ ਜਾ ਰਿਹਾ ਹੈ 157 ਮੈਂਬਰਾਂ ਵਿੱਚੋ 146 SGPC ਮੈਂਬਰ ਹੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੌਜੂਦ ਸਨ । ਪ੍ਰਧਾਨ ਬਣਨ ਦੇ ਲਈ 74 ਵੋਟਾਂ ਦੀ ਜ਼ਰੂਰਤ ਸੀ ।
ਇਸ ਵਾਰ ਵੋਟਿੰਗ ਦੌਰਾਨ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਲਾਊਡ ਸਪੀਕਰ ਦੇ ਜ਼ਰੀਏ ਹੀ ਸਾਰੀ ਜਾਣਕਾਰੀ ਦਿੱਤੀ ਗਈ ਸੀ । ਨਿਰਪੱਖ ਵੋਟਿੰਗ ਦੇ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਕੋਨੇ ਵਿੱਚ ਇੱਕ ਪਰਦਾ ਲਗਾਇਆ ਗਿਆ ਸੀ । ਇਸੇ ਪਰਦੇ ਦੇ ਪਿੱਛੇ ਜਾਕੇ ਇੱਕ-ਇੱਕ ਕਰਕੇ SGPC ਦੇ ਮੈਂਬਰਾਂ ਵੱਲੋਂ ਨਵੇਂ ਪ੍ਰਧਾਨ ਨੂੰ ਚੁਣਨ ਦੇ ਲਈ ਬੈਲੇਟੇ ‘ਤੇ ਮੋਹਰ ਲਗਾਈ ਗਈ ਤੇ ਆਖਰਕਾਰ ਐਡਵੋਕੇਟ ਧਾਮੀ ਨੇ ਬਾਜ਼ੀ ਜਿੱਤ ਲਈ।