Punjab

ਅਕਾਲੀ ਆਗੂਆਂ ਨੇ ਧਾਮੀ ਦੀ ਜਿੱਤ ਮਗਰੋਂ ਕੀਤੀ ਪ੍ਰੈਸ ਕਾਨਫਰੰਸ , ਮੈਂਬਰਾਂ ਦਾ ਕੀਤਾ ਧੰਨਵਾਦ

Akali leaders held a press conference after Dhami's victory,

ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਉਮੀਦਵਾਰ ਹਰਜਿੰਦਰ ਸਿੰਘ ਧਾਮੀ 104 ਵੋਟਾਂ ਨਾਲ ਜਿੱਤੇ ਹਨ। ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਦਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਮੋੜ ਲਿਆਵੇਗਾ।

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੈਂਬਰਾਂ ਨੇ ਸਾਰਿਆਂ ਨੂੰ ਠੋਕਰ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਈ ਹੈ, ਉਨ੍ਹਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ, ਓਨਾ ਹੀ ਥੋੜਾ ਹੈ। ਡਾ.ਦਲਜੀਤ ਚੀਮਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਜਿਤਾਉਣ ਦਾ ਬੀਜੇਪੀ, ਕੇਂਦਰ ਸਰਕਾਰ, ਪੰਜਾਬ ਸਰਕਾਰ, ਅਕਾਲੀ ਦਲ ਦੇ ਵਿਰੋਧੀ, ਸਾਰਿਆਂ ਨੂੰ ਇਕੱਠਾ ਚਾਅ ਚੜਿਆ ਸੀ ਪਰ ਬੀਬੀ ਜਗੀਰ ਕੌਰ ਤੋਂ ਕਈ ਗੁਣਾ ਵੋਟਾਂ ਧਾਮੀ ਨੂੰ ਪਈਆਂ ਹਨ।

ਜਿਹੜੀ ਵੀ ਤਾਕਤ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ, ਉਸਨੂੰ ਮੂੰਹ ਦੀ ਖਾਣੀ ਪਵੇਗੀ। ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਦੱਸ ਦਈਏ ਕਿ ਸਿੱਖਾਂ ਦੀ ਸਿਰੋਮਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Harjinder Singh Dhami) ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਇਆ। ਧਾਮੀ ਨੂੰ 104 ਵੋਟਾਂ ਤੇ ਬੀਬੀ ਜਗੀਰ ਕੌਰ ( Bibi Jagir Kaur ) ਨੂੰ 42 ਵੋਟਾਂ ਮਿਲੀਆਂ ਹਨ।

ਧਾਮੀ ਨੇ ਆਪਣੀ ਵਿਰੋਧੀ ਬੀਬੀ ਜਗੀਰ ਕੌਰ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਹੈ । ਅੱਜ ਦੁਪਹਿਰ ਇੱਕ ਵਜੇ ਸ਼ੁਰੂ ਹੋਏ ਇਜਲਾਸ ਵਿੱਚ ਵੋਟਿੰਗ ਹੋਈ ਹੈ ਤੇ ਕਰੀਬ 3 ਵਜੇ ਇਸ ਦੇ ਨਤੀਜੇ ਦਾ ਐਲਾਨ ਹੋਇਆ ਹੈ। ਦਰਅਸਲ ਪ੍ਰਧਾਨ ਦੀ ਚੋਣ ਐਨੀ ਸੌਖੀ ਵੀ ਨਹੀਂ ਸੀ । ਕਮੇਟੀ ਜੇ ਮੈਂਬਰ ਵੀ ਦੁਚਿੱਤੀ ‘ਚ ਸਨ। ਬੀਬੀ ਜਗੀਰ ਕੌਰ ਨੇ ਪੂਰੇ ਜੋਸ਼ ਮਾਲ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ । ਦੂਜੇ ਪਾਸੇ ਅਕਾਲੀ ਦਲ ਵੱਲੋਂ ਉਤਾਰੇ ਉਮੀਵਾਰ ਧਾਮੀ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ ਸੀ ।

ਸ਼੍ਰੋਮਣੀ ਕਮੇਟੀ ਤੋਂ ਬਾਗੀ ਹੋ ਕੇ ਵੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਪਰ ਫਿਰ ਵੀ ਅੱਜ ਉਨ੍ਹਾਂ ਦੇ ਹੱਥ ਖਾਲੀ ਰਹਿ ਗਏ ਹਨ।  ਧਾਮੀ ਦੇ ਹੱਕ ਵਿੱਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲਿਆਂ ਹਨ ।