ਬਿਉਰੋ ਰਿਪੋਰਟ – ਲੁਧਿਆਣਾ ਤੋਂ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਚੂਹੇ ਤੇ ਕੀੜਿਆਂ ਨੇ ਇੱਕ ਬਜ਼ੁਰਗ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਦੋਂ ਪੁਲਿਸ ਨੂੰ ਲਾਸ਼ ਮਿਲੀ ਤਾਂ ਚੂਹੇ ਅਤੇ ਕੀੜਿਆਂ ਨਾਲ ਬਜ਼ੁਰਗ ਦਾ ਸਰੀਰ ਘਿਰਿਆ ਹੋਇਆ ਸੀ। ਬਜ਼ੁਰਗ ਦੀ ਲਾਸ਼ ਘਰ ਵਿੱਚ ਕਦੋ ਤੋਂ ਪਈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ।
ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਬਦਬੂ ਆਉਣ ਲੱਗੀ ਤਾਂ ਇਲਾਕੇ ਵਿੱਚ ਸ਼ੋਰ ਮੱਚ ਗਿਆ, ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਵੇਖ ਕੇ ਹੋਸ਼ ਉੱਡ ਗਏ। ਬਜ਼ੁਰਗ ਜ਼ਮੀਨ ’ਤੇ ਪਿਆ ਹੋਇਆ ਸੀ, ਜਿਸ ਦਾ ਨਾਂ ਪੱਪੂ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਫੌਰਨ ਥਾਣਾ ਡਿਵੀਜ਼ਲ ਨੰਬਰ -3 ਦੀ ਪੁਲਿਸ ਨੂੰ ਇਤਲਾਹ ਦਿੱਤੀ।
ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਆਲੇ -ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ, ਮਾਮਲਾ ਸ਼ੱਕੀ ਹੋਣ ਦੇ ਕਾਰਨ ਘਟਨਾ ਵਾਲੀ ਥਾਂ ‘ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਨੇ ਮੌਕੇ ’ਤੇ ਨਮੂਨੇ ਇਕੱਠੇ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਮਰਨ ਵਾਲੇ ਵਿਅਕਤੀ ਸ਼ੂਗਰ ਦਾ ਰੋਗੀ ਤੇ ਕਾਫੀ ਸਮੇਂ ਤੋਂ ਸ਼ਰਾਬ ਦਾ ਆਦੀ ਸੀ।
ਪੋਸਟਮਾਰਟਮ ਦੇ ਬਾਅਦ ਹੋਵੇਗਾ ਖ਼ੁਲਾਸਾ
ਜਾਣਕਾਰੀ ਦਿੰਦੇ ਹੋਏ ASI ਜਸਵੰਤ ਸਿੰਘ ਨੇ ਕਿਹਾ ਮ੍ਰਿਤਕ ਪੱਪੂ ਯੂਪੀ ਦਾ ਰਹਿਣ ਵਾਲਾ ਹੈ। ਉਹ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੀ ਮੌਤ ਕਿਵੇਂ ਹੋਈ ਇਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ। ਲਾਸ਼ ਤੋਂ ਕਾਫ਼ੀ ਬਦਬੂ ਆ ਰਹੀ ਹੈ। ਫਾਰੈਂਸਿਕ ਮਾਹਿਰ ਵੀ ਕੇਸ ਦੀ ਜਾਂਚ ਕਰ ਰਹੇ ਹਨ।