ਬਿਉਰੋ ਰਿਪੋਰਟ (ਸੰਗਰੂਰ): ਦਿੜ੍ਹਬਾ ਮੰਡੀ ਵਿੱਚ ਇੱਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਦੋਵੇਂ ਜਾਇਦਾਦ ਦੀ ਵੰਡ ਨੂੰ ਲੈ ਕੇ ਚਰਚਾ ਕਰ ਰਹੇ ਸਨ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੜਬਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਖਰੋੜ ਉਰਫ਼ ਡੀਸੀ ਆਪਣੀ ਘਰੇਲੂ ਜਾਇਦਾਦ ਦੀ ਵੰਡ ਬਾਰੇ ਚਰਚਾ ਕਰ ਰਹੇ ਸਨ। ਇਸ ਦੌਰਾਨ ਦੋਵੇਂ ਭਰਾਵਾਂ ਵਿਚਾਲੇ ਝੜਪ ਹੋ ਗਈ ਤੇ ਦੋਵੇਂ ਗੁੱਸੇ ’ਚ ਆ ਗਏ। ਇਸੇ ਦੌਰਾਨ ਛੋਟੇ ਮੁੰਡੇ ਸੁਖਵਿੰਦਰ ਸਿੰਘ ਨੇ ਰਾਈਫਲ ਚੁੱਕ ਲਈ।
ਵੱਡੇ ਭਰਾ ਹਰਜਿੰਦਰ ਸਿੰਘ ਨੇ ਜ਼ਬਰਦਸਤੀ ਰਾਈਫਲ ਖੋਹ ਲਈ। ਉਸਨੇ ਸੁਖਵਿੰਦਰ ਸਿੰਘ ’ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ’ਚ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਤੁਰੰਤ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।