‘ਦ ਖ਼ਾਲਸ ਬਿਊਰੋ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆ ਨੂੰ ਭੋਜਨ ਦੇ ਰਹੇ ਹਨ ਤੇ ਇਸੇ ਕੜੀ ਨੂੰ ਅੱਗੇ ਜੋੜਦਿਆਂ ਮਿਸਰ ਨੇ ਭਾਰਤ ਨੂੰ ਕਣਕ ਦੇ ਸਪਲਾਇਰ ਵਜੋਂ ਮਾਨਤਾ ਦੇ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਹੀ ਕਦਮ ਚੁੱਕੇ ਹਨ ਤਾਂ ਹੀ ਅਜਿਹਾ ਸੰਭਵ ਹੋ ਸਕਿਆ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ਇਕ ਸਥਿਰ ਖੁਰਾਕ ਸਪਲਾਈ ਲਈ ਭਰੋਸੇਯੋਗ ਵਿਕਲਪਕ ਸਰੋਤਾਂ ਦੀ ਭਾਲ ਕਰ ਰਿਹਾ ਹੈ ਤੇ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਤਿਆਰ ਹਾਂ।
ਪੀਯੂਸ਼ ਗੋਇਲ ਨੇ ਅੱਗੇ ਕਿਹਾ ਕਿ ਰੂਸ-ਯੂਕਰੇਨ ਯੁੱਧ ਕਾਰਨ ਕਈ ਚੀਜ਼ਾਂ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਖੁਰਾਕ ਸਪਲਾਈ ਦੇ ਬਦਲਵੇਂ ਸਰੋਤਾਂ ਦੀ ਭਾਲ ਵਿੱਚ ਦੁਨੀਆ ਦੇ ਨਾਲ, ਮੋਦੀ ਸਰਕਾਰ ਅੱਗੇ ਆਈ ਹੈ। ਸਾਡੇ ਕਿਸਾਨਾਂ ਨੇ ਕਣਕ ਦੇ ਭੰਡਾਰ ਭਰ ਦਿੱਤੇ ਹਨ ਅਤੇ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਤਿਆਰ ਹਾਂ।