ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਨੇ ਚੋਣ ਜਿੱਤਣ ਦੇ ਲਈ ਵਾਅਦੇ ਵੱਡੇ ਕਰ ਦਿੱਤੇ ਸਨ ਪਰ ਹੁਣ ਜ਼ਮੀਨੀ ਹਕੀਕਤ ਵੇਖਣ ਤੋਂ ਬਾਅਦ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ । ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਧਰਨੇ ਨੂੰ ਰਿਵਾਜ ਦਾ ਨਾਂ ਦਿੱਤਾ ਸੀ ਹੁਣ ਉਨ੍ਹਾਂ ਦੇ ਮੰਤਰੀ ਉਲਟੇ ਸਿੱਧੇ ਬਿਆਨਾਂ ਦੇ ਜ਼ਰੀਏ ਆਪਣੀ ਭੜਾਸ ਕੱਢ ਰਹੇ ਹਨ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਦੋਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਆਪਣਾ ਵਾਅਦਾ ਯਾਦ ਦਿਵਾਇਆ ਤਾਂ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਮੰਤਰੀ ਸਾਹਿਬ ਉਨ੍ਹਾਂ ‘ਤੇ ਹੀ ਗਰਮ ਹੋ ਗਏ ਅਤੇ ਬੱਚਿਆਂ ਦੇ ਨਾਂ ‘ਤੇ ਆਪਣੇ ਵਾਅਦੇ ਦੇ ਪਿੱਛੇ ਲੁੱਕਣ ਦੀ ਕੋਸ਼ਿਸ਼ ਕੀਤੀ ।
ਦਰਾਸਲ ਸ਼੍ਰੀ ਆਨੰਦਪੁਰ ਸਾਹਿਬ ਆਪਣੇ ਹਲਕੇ ਦੇ ਭਾਈ ਨੰਦ ਨਾਲ ਸਕੂਲ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਖੇਡਾਂ ਦੇ ਇੱਕ ਪ੍ਰੋਗਰਾਮ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ ਸਨ । ਉਨ੍ਹਾਂ ਦੀ ਆਮਦ ਦਾ ਜਿਵੇ ਹੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਪਤਾ ਚੱਲਿਆ ਉਹ ਆਪਣੀਆਂ ਮੰਗਾਂ ਨੂੰ ਲੈਕੇ ਸਕੂਲ ਦੇ ਬਾਹਰ ਧਰਨਾ ਦੇਣ ਪਹੁੰਚ ਗਏ । ਜਿਵੇ ਹੀ ਮੰਤਰੀ ਸਾਹਿਬ ਸਕੂਲ ਦੇ ਪ੍ਰੋਗਰਾਮ ਤੋਂ ਬਾਹਰ ਨਿਕਲੇ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮੰਤਰੀ ਸਾਹਿਬ ਆਪਣੀ ਕਾਰ ਤੋਂ ਬਾਹਰ ਤਾਂ ਨਹੀਂ ਨਿਕਲੇ ਪਰ ਉਨ੍ਹਾਂ ਅੰਦਰ ਬੈਠੇ-ਬੈਠੇ ਪ੍ਰਦਰਸ਼ਨਕਾਰੀਆਂ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ । ਬੈਂਸ ਨੇ ਕਿਹਾ ‘ਬੱਚਿਆਂ ਦੇ ਲਈ ਕੁਝ ਕਰ ਰਿਹਾ ਸੀ ਤੁਸੀਂ ਮੁਰਦਾਬਾਦ ਦੇ ਨਾਅਰੇ ਲਾ ਰਹੇ ਹੋ,ਮੇਰੇ ਬੱਚਿਆਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ,ਧਰਨਾ ਦੇਣਾ ਹੈ ਤਾਂ ਮੇਰੇ ਘਰ ਦੇ ਬਾਹਰ ਆਕੇ ਦਿਓ’ । ਜਿਸ ਦੇ ਜਵਾਬ ਵਿੱਚ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਮੰਤਰੀ ਸਾਹਿਬ ਅੰਦਰ ਬੱਚਿਆਂ ਦੇ ਪ੍ਰੋਗਰਾਮ ਵਿੱਚ ਸਨ ਤਾਂ ਉਹ ਨਾਅਰੇਬਾਜ਼ੀ ਨਹੀਂ ਕਰ ਰਹੇ ਸਨ । ਪਰ ਹੁਣ ਜਦੋਂ ਉਹ ਬਾਹਰ ਆਏ ਹਨ ਤਾਂ ਉਹ ਮਾਨ ਸਰਕਾਰ ਨੂੰ ਆਪਣਾ ਵਾਅਦਾ ਯਾਦ ਦਿਵਾ ਰਹੇ ਹਾਂ ਜਦਕਿ ਮੰਤਰੀ ਸਾਹਿਬ ਉਨ੍ਹਾਂ ਦੀ ਮੰਗਾਂ ਸੁਣਨ ਦੀ ਥਾਂ ਗਰਮ ਹੋ ਰਹੇ ਹਨ ।