Punjab

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੂਬੇ ਦੇ ਜ਼ਿਲ੍ਹਿਆਂ ਦੇ ਦੌਰੇ ‘ਤੇ,ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਚੁੱਕਿਆ ਕਦਮ

ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅੱਜ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕਰ ਚੁੱਕੇ ਹਨ ਹੈ ਤਾਂ ਜੋ ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ ਸਕਣ। ਇਸ ਦੌਰੇ ਦੀ ਸ਼ੁਰੂਆਤ  ਫਾਜ਼ਿਲਕਾ ਜ਼ਿਲ੍ਹੇ ਤੋਂ ਹੋਈ ਹੈ ਅਤੇ ਇਹ ਪੂਰੇ ਅਪ੍ਰੈਲ ਮਹੀਨੇ ਦੌਰਾਨ ਜਾਰੀ ਰਹੇਗਾ।

ਬੈਂਸ ਆਪਣੇ ਇਸ ਦੌਰੇ ਦੀ ਸ਼ੁਰੂਆਤ  ਵਿੱਚ ਅੱਜ ਫਾਜਿਲਕਾ ਪਹੁੰਚੇ ਸਨ ਤੇ ਕੱਲ 5 ਅਪ੍ਰੈਲ ਨੂੰ ਫਿਰੋਜਪੁਰ, 6 ਅਪ੍ਰੈਲ ਨੂੰ ਰੋਪੜ ਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ, 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜਿਲੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।

ਇਸ ਦੌਰੇ ਦੌਰਾਨ ਮੰਤਰੀ  ਹਰਜੋਤ ਸਿੰਘ ਬੈਂਸ ਨਵੇਂ ਦਾਖਲੇ, ਕਿਤਾਬਾਂ, ਵਰਦੀਆਂ, ਸਕੂਲਾਂ ਦੇ ਮੁਢਲੇ ਢਾਂਚੇ ਬਾਰੇ ਜਾਣਕਾਰੀ ਹਾਸਿਲ ਕਰਨਗੇ।

ਆਪਣੇ ਇਸ ਦੌਰੇ ਬਾਰੇ ਜਾਣਕਾਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀ ਨੂੰ ਹੋਰ ਵਧੀਆ ਬਣਾਉਣ ਲਈ ਜ਼ਮੀਨੀ ਲੋੜਾਂ ਨੂੰ ਸਮਝਣਾ ਜ਼ਰੂਰੀ ਹੈ।ਇਸ ਲਈ ਦਫ਼ਤਰਾਂ ਵਿਚ ਬੈਠਣ ਦੀ ਥਾਂ ਇਹ ਦੌਰਾ ਕੀਤਾ ਜਾ ਰਿਹਾ ਹੈ।