India Punjab

ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ‘ਤੇ ਬੋਲੇ ਸਿੱਖਿਆ ਮੰਤਰੀ ਹਰਜੋਤ ਬੈਂਸ, ਕਿਹਾ- ‘ਇਹ ਲੋਕਤੰਤਰ ‘ਤੇ ਹਮਲਾ’

ਮੁਹਾਲੀ : ਲੇਹ ਵਿੱਚ ਲੱਦਾਖ ਨੂੰ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਅਤੇ 90 ਤੋਂ ਵੱਧ ਜ਼ਖਮੀ ਹੋਏ। ਇਸ ਦੌਰਾਨ ਸਿੱਖਿਆ ਸੁਧਾਰਕ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਲੱਦਾਖ ਪੁਲਿਸ ਨੇ ਕੌਮੀ ਸੁਰੱਖਿਆ ਅਧਿਨਿਯਮ (NSA) ਅਧੀਨ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਭੇਜ ਦਿੱਤਾ। ਪੁਲਿਸ ਮੁਖੀ ਐੱਸ.ਡੀ. ਸਿੰਘ ਜਾਮਵਾਲ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ। ਸੁਰੱਖਿਆ ਕਾਰਨਾਂ ਕਰਕੇ ਲੇਹ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਨੂੰ ਲੋਕਤੰਤਰ ’ਤੇ ਹਮਲਾ ਅਤੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ। ਬੈਂਸ ਨੇ ਕਿਹਾ ਕਿ ਵਾਂਗਚੁਕ ਲੱਦਾਖ ਦੇ ਹੱਕਾਂ ਦੀ ਆਵਾਜ਼ ਹਨ, ਅਪਰਾਧੀ ਨਹੀਂ। ਉਨ੍ਹਾਂ ਨੇ ਲੱਦਾਖ ਵਿੱਚ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬੈਂਸ ਨੇ ਵਾਂਗਚੁਕ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਵਿਰੋਧੀ ਆਵਾਜ਼ ਨੂੰ ਜ਼ਬਰਦਸਤੀ ਦਬਾਉਣਾ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ।

ਇਹ ਪ੍ਰਦਰਸ਼ਨ ਲੱਦਾਖ ਦੀਆਂ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਮੰਗਾਂ ਨੂੰ ਲੈ ਕੇ ਹੋਏ, ਜੋ ਇਸ ਖੇਤਰ ਦੀ ਵਿਲੱਖਣ ਸਭਿਆਚਾਰਕ ਅਤੇ ਵਾਤਾਵਰਣਕ ਪਛਾਣ ਨੂੰ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹਨ। ਵਾਂਗਚੁਕ ਦੀ ਗ੍ਰਿਫਤਾਰੀ ਨੇ ਲੋਕਤੰਤਰੀ ਅਧਿਕਾਰਾਂ ਅਤੇ ਸਰਕਾਰੀ ਕਾਰਵਾਈਆਂ ’ਤੇ ਸਵਾਲ ਉਠਾਏ ਹਨ।