Punjab Religion

ਸਿੱਖਿਆ ਮੰਤਰੀ ਬੈਂਸ ਨੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਉੜੀ ਦੀ ਕੀਤੀ ਸੇਵਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਕੀਰਤਪੁਰ ਸਾਹਿਬ ਵਿਖੇ ਪੁਰਾਤਨ ਡਿਉੜੀ ਦੀ ਚੱਲ ਰਹੀ ਕਾਰ ਸੇਵਾ ਵਿੱਚ ਭਰਪੂਰ ਹਾਜ਼ਰੀ ਭਰੀ ਅਤੇ ਆਪ ਵੀ ਸੇਵਾ ਕੀਤੀ। ਇਹ ਡਿਉੜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਜੁੜੀ ਹੈ ਅਤੇ ਗੁਰਦੁਆਰਾ ਤੀਰ ਸਾਹਿਬ ਨੂੰ ਜੋੜਦੀ ਹੈ। ਭਾਰੀ ਬਰਸਾਤ ਅਤੇ ਡੈਮ ਤੋਂ ਵਧੇ ਪਾਣੀ ਕਾਰਨ ਜ਼ਮੀਨ ਧੱਸਣ ਨਾਲ ਡਿਉੜੀ ਦੇ ਖੱਬੇ ਪਾਸੇ ਦੇ ਡੰਗੇ ਵਹਿ ਗਏ ਅਤੇ ਨੀਂਹਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਡਿੱਗਣ ਦਾ ਖਤਰਾ ਮੌਜੂਦ ਹੈ। ਇਹ ਸਿੱਖ ਇਤਿਹਾਸ ਦੀ ਅਮੁੱਲ ਵਿਰਾਸਤ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਭਾਰੀ ਬਰਸਾਤ ਅਤੇ ਪਾਣੀ ਵਧਣ ਕਾਰਨ ਇਲਾਕੇ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਬੈਂਸ ਨੇ ਕਿਹਾ ਕਿ ਅਗੰਪੁਰ ਫੁੱਲ, ਬੁਰਜ, ਲੋਧੀਪੁਰ, ਮੈਂਦਲੀ ਕਲਾਂ, ਹਰੀਵਾਲ, ਚੰਦਪੁਰ ਬੇਲਾ, ਲਕਸ਼ਮੀ ਨਰਾਇਣ ਮੰਦਰ ਅਤੇ ਬਾਬਾ ਗੁਰਦਿੱਤਾ ਜੀ ਵਰਗੀਆਂ ਥਾਵਾਂ ‘ਤੇ ਪਾਣੀ ਭਰ ਗਿਆ। ਤਿੰਨ ਦਿਨਾਂ ਤੋਂ ਸੇਵਾ ਜਾਰੀ ਹੈ ਅਤੇ ਹੁਣ ਵੀ ਸੜਕਾਂ ‘ਤੇ ਕੰਮ ਚੱਲ ਰਿਹਾ ਹੈ।

ਬੈਂਸ ਨੇ ਆਪਣੀ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ, ਜੋ ਵਕੀਲ ਜਾਂ ਨੌਕਰੀਪੇਸ਼ਾ ਹੋਣ ਦੇ ਬਾਵਜੂਦ ਮਿੱਟੀ ਨਾਲ ਮਿੱਟੀ ਮਿਲ ਕੇ ਦੇਰ ਰਾਤ ਤੱਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਿੰਡਾਂ ਦੇ ਸਰਪੰਚਾਂ ਅਤੇ ਸੈਂਕੜੇ ਨੌਜਵਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੇਵਾ ਨਿਭਾਈ।

ਬੈਂਸ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਨਾ ਕੋਈ ਮੇਜਰ ਬ੍ਰਿਜ ਟੁੱਟਿਆ ਅਤੇ ਨਾ ਹੀ ਵੱਡੀ ਜਾਨਮਾਲ ਦੀ ਹਾਨੀ। ਪਾਣੀ ਦਾ ਲੈਵਲ ਘੱਟ ਰਿਹਾ ਹੈ ਅਤੇ ਲਕਸ਼ਮੀ ਨਰਾਇਣ ਮੰਦਰ ਦੀ ਸੇਵਾ ਪੂਰੀ ਹੋ ਗਈ। ਬਾਬਾ ਗੁਰਦਿੱਤਾ ਜੀ ਵਿਖੇ ਬੋਰੀਆਂ ਨਾਲ ਪਹਾੜ ਭਰਨ ਦਾ ਕੰਮ ਤਿੰਨ ਦਿਨਾਂ ਤੋਂ ਜਾਰੀ ਹੈ, ਜੋ ਬੁਰਜ ਖਲੀਫਾ ਬਣਾਉਣ ਵਾਲੀ ਮਿਹਨਤ ਵਾਂਗ ਹੈ। ਟਰਾਲੀਆਂ ਅਤੇ ਟਰੱਕਾਂ ਨਾਲ ਬੋਰੀਆਂ ਨਹਲੀ ਤੋਂ ਆਈਆਂ ਅਤੇ ਨੇੜਲੇ ਪਿੰਡਾਂ ਨੇ ਪੂਰਾ ਸਹਿਯੋਗ ਦਿੱਤਾ।