ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ 26 ਫਰਵਰੀ 2025 ਤੋਂ ਆਪਣੇ ਪਿੰਡ ਚੁੰਨੀ ਖੁਰਦ, ਫਤਿਹਗੜ੍ਹ ਸਾਹਿਬ ਤੋਂ ਲਾਪਤਾ ਹੈ। ਫਤਿਹਗੜ੍ਹ ਸਾਹਿਬ ਪੁਲਿਸ ਨੇ ਅਜੇ ਤੱਕ ਐਫ.ਆਈ.ਆਰ. ਦਰਜ ਨਹੀਂ ਕੀਤੀ ਅਤੇ ਸਿਰਫ ਡੀ.ਡੀ.ਆਰ. ਲਿਖ ਕੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੀ ਮੰਗ ਕੀਤੀ ਹੈ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਉਨ੍ਹਾਂ ਨੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਨੂੰ ਵੀ ਪੱਤਰ ਲਿਖਿਆ, ਪਰ ਪੁਲਿਸ ਦੀ ਕਾਰਵਾਈ ਢਿੱਲੀ-ਮੱਠੀ ਹੀ ਰਹੀ।ਸੁਖਵਿੰਦਰ ਦੇ ਚਾਚਾ ਜਰਨੈਲ ਸਿੰਘ ਚੁੰਨੀ, ਸਾਬਕਾ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ, ਨੇ ਦੱਸਿਆ ਕਿ ਸੁਖਵਿੰਦਰ ਬੋਰਡ ਦੇ ਪੇਪਰਾਂ ਦੌਰਾਨ ਇੱਕ ਅਧਿਕਾਰੀ ਦੇ ਦੁਰਵਿਹਾਰ ਕਾਰਨ ਮਾਨਸਿਕ ਤਣਾਅ ਵਿੱਚ ਸੀ। 26 ਫਰਵਰੀ ਨੂੰ ਸ਼ਾਮ ਨੂੰ ਉਹ ਇੱਕ ਗੁਆਂਢੀ ਨਾਲ ਪਿੰਡ ਦੇ ਠੇਕੇ ਗਿਆ, ਪਰ ਵਾਪਸ ਨਹੀਂ ਆਇਆ।
ਸਾਥੀ ਨੇ ਦੱਸਿਆ ਕਿ ਸੁਖਵਿੰਦਰ ਸੜਕ ਕਿਨਾਰੇ ਪੁਲੀ ਨੇੜੇ ਪਾਣੀ ਵਿੱਚ ਡਿੱਗ ਗਿਆ, ਪਰ ਪਰਿਵਾਰ ਨੂੰ ਮੌਕੇ ’ਤੇ ਕੁਝ ਨਹੀਂ ਮਿਲਿਆ। ਪਰਿਵਾਰ ਨੇ 27 ਫਰਵਰੀ ਨੂੰ ਡੀ.ਡੀ.ਆਰ. ਦਰਜ ਕਰਵਾਈ, ਪਰ ਪੁਲਿਸ ਅਜੇ ਤੱਕ ਸੁਖਵਿੰਦਰ ਨੂੰ ਲੱਭਣ ਵਿੱਚ ਨਾਕਾਮ ਰਹੀ। ਸੀਸੀਟੀਵੀ ਫੁਟੇਜ ਵਿੱਚ ਇੱਕ ਕਰਿੰਦਾ ਸੁਖਵਿੰਦਰ ਦੇ ਸਾਥੀ ਨੂੰ ਸਕੂਟਰ ’ਤੇ ਬਿਠਾਉਂਦਾ ਵਿਖਾਈ ਦਿੱਤਾ, ਜੋ ਬਾਅਦ ਵਿੱਚ ਅਲੋਪ ਹੋ ਗਿਆ। ਪਰਿਵਾਰ ਅਤੇ ਯੂਨੀਅਨ ਨੇ ਤੁਰੰਤ ਕੇਸ ਦੀ ਗੰਭੀਰ ਪੜਤਾਲ ਦੀ ਮੰਗ ਕੀਤੀ ਹੈ।