India

ਡਰੱਗਸ ਮਾਮਲਾ-ਐਮੇਜ਼ਨ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਯਾਨੀ ਕਿ ਸੀਏਆਈਟੀ ਨੇ ਇਸ ਮਹੀਨੇ ਦੀ ਸ਼ੁਰੂ ਵਿੱਚ ਮੱਧ ਪ੍ਰਦੇਸ਼ ਪੁਲਿਸ ਵੱਲੋਂ 720 ਕਿੱਲੋਗ੍ਰਾਮ ਗਾਂਜਾ ਬਰਾਮ ਕਰਨ ਦੇ ਮਾਮਲੇ ਵਿਚ ਕਿਹਾ ਹੈ ਕਿ ਐਮਾਜ਼ਾਨ ਦੇ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮਾਮਲੇ ਵਿਚ ਸੀਏਆਈਟੀ ਨੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਅਧਿਕਾਰੀਆਂ ਵੱਲੋਂ ਪੱਖਪਾਤੀ ਵਿਵਹਾਰ ਦਾ ਦੋਸ਼ ਵੀ ਲਗਾਇਆ ਹੈ ਤੇ ਵਪਾਰੀਆਂ ਦੇ ਸੰਗਠਨ ਨੇ ਆਰੀਅਨ ਖਾਨ ਕੇਸ ਨਾਲ ਤੁਲਨਾ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਮਾਮਲੇ ਵਿੱਚ ਵੀ ਅਜਿਹੀ ਹੀ ਮੁਸਤੈਦੀ ਦਿਖਾਉਣੀ ਚਾਹੀਦੀ ਹੈ। ਇਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮੁੱਦੇ ‘ਤੇ ਵਿਚਾਰ ਕਰਨ ਲਈ ਕਿਹਾ, ਕਿਉਂਕਿ ਐਨਡੀਪੀਐਸ ਕਾਨੂੰਨ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਰਾਜ ਸਰਕਾਰਾਂ ਅਤੇ ਅਥਾਰਟੀਆਂ ਨਾਲ ਤਾਲਮੇਲ ਕਰਨ ਦਾ ਅਧਿਕਾਰ ਦਿੰਦਾ ਹੈ।

ਇਹ ਦੱਸ ਦਈਏ ਕਿ 14 ਨਵੰਬਰ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਭਿੰਡ ਜ਼ਿਲ੍ਹੇ ਵਿੱਚ ਗਾਂਜਾ ਬਰਾਮਦ ਕਰਨ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਐਮਾਜ਼ਾਨ ਨੇ ਅਜੇ ਤੱਕ ਇਸ ਮੁੱਦੇ ‘ਤੇ ਜਨਤਕ ਤੌਰ ‘ਤੇ ਟਿੱਪਣੀ ਨਹੀਂ ਕੀਤੀ ਹੈ, ਪਰ ਪਿਛਲੇ ਬਿਆਨ ਵਿੱਚ ਕਿਹਾ ਸੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਕਿਸੇ ਵਿਕਰੇਤਾ ਦੁਆਰਾ ਕੋਈ ਗੈਰ-ਪਾਲਣਾ ਕੀਤੀ ਗਈ ਸੀ।