ਬਿਊਰੋ ਰਿਪੋਰਟ : ਪੰਜਾਬ ਮੰਡੀ ਬੋਰਡ ਅਤੇ ਗ੍ਰੇਟਰ ਮੁਹਾਲੀ ਡਵੈਲਪਮੈਂਟ ਅਥਾਰਿਟੀ ਗਮਾਡਾ ਦੇ ਚੀਫ ਇੰਜੀਨੀਅਰ ਰਹੇ ਸੁਰਿੰਦਰ ਪਾਲ ਸਿੰਘ ਉਰਫ ਪਹਿਲਵਾਨ ‘ਤੇ ED ਦਾ ਸ਼ਿਕੰਜਾ ਕੱਸ ਗਿਆ ਹੈ । ਈਡੀ ਨੇ ਸੁਰਿੰਦਰ ਪਾਲ ਦਾ ਕੇਸ ਪੰਜਾਬ ਵਿਜੀਲੈਂਸ ਤੋਂ ਆਪਣੇ ਕੋਲ ਲੈ ਕੇ ਰਿਸ਼ਤੇਦਾਰਾਂ ਅਤੇ ਨਜ਼ਦੀਆਂ ਦੀਆਂ ਵੱਖ-ਵੱਖ ਥਾਵਾਂ ਤੋਂ ਤਕਰੀਬਨ 37.26 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਇਸ ਦੇ ਨਾਲ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ ।
ਅਹੁਦੇ ਦਾ ਨਜਾਇਜ਼ ਫਾਇਦਾ ਚੁੱਕ ਕੇ ਬਣਾਏ ਗਏ ਸਨ ਕਰੋੜਾਂ ਰੁਪਏ
ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਰਹਿਣ ਦੇ ਬਾਅਦ ਮੰਡੀ ਬੋਰਡ ਅਤੇ ਗਮਾਡਾ ਵਿੱਚ ਬਤੌਰ ਚੀਫ ਇੰਜੀਨੀਅਰ ਸੇਵਾਵਾਂ ਦੇਣ ਵਾਲੇ ਸੁਰਿੰਦਰ ਪਾਲ ਭ੍ਰਿਸ਼ਟਾਚਾਰ ਨੂੰ ਲੈਕੇ ਕਾਫੀ ਬਦਨਾਮ ਰਹੇ । ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਬਣਾਏ । ED ਨੇ ਆਪਣੀ ਜਾਂਚ ਵਿੱਚ ਦੱਸਿਆ ਪਹਿਲਵਾਨ ਨੇ ਚੀਫ ਇੰਜੀਨੀਅਰ ਦੇ ਅਹੁਦੇ ਦੇ ਰਹਿੰਦੇ ਹੋਏ ਕਈ ਕੰਪਨੀਆਂ ਤੋਂ ਕੰਮ ਦੇ ਬਦਲੇ ਕਰੋੜਾਂ ਰੁਪਏ ਲਏ । ਪਹਿਲਵਾਨ ਨੇ ਕਰੋੜਾਂ ਰੁਪਏ ਕਮਾ ਕੇ ਤਿੰਨ ਕੰਪਨੀਆਂ ਬਣਾਇਆ ਅਤੇ ਸਾਰਾ ਪੈਸਾ ਉਸ ਵਿੱਚ ਨਿਵੇਸ਼ ਕਰ ਦਿੱਤਾ । ED ਨੇ 63 ਜਾਇਦਾਦਾਂ ਪਹਿਲਵਾਨ ਅਤੇ ਉਸ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੀ ਜ਼ਬਤ ਕੀਤੀ ਹੈ । ਇਹ ਸਾਰੀ ਜਾਇਦਾਦ ਗਲਤ ਕਮਾਈ ਤੋਂ ਹਾਸਲ ਕੀਤੀ ਗਈ ਹੈ । ਇਸ ਤੋਂ ਪਹਿਲਾਂ ED ਨੇ ਪਹਿਲਵਾਨ ਦੇ ਹੋਰ ਬੈਂਕ ਖਾਤਿਆਂ ਤੋਂ 5 ਕਰੋੜ 93 ਲੱਖ ਰੁਪਏ ਦੀ FD ਵੀ ਜ਼ਬਤ ਕੀਤੀ ਸੀ ।
ਆਮਦਨ ਦਾ ਜ਼ਰੀਆ ਨਹੀਂ ਦੱਸ ਸਕੇ ਇੰਜੀਨੀਅਰ ਪਹਿਲਵਾਨ
ED ਦੇ ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਲੈਕੇ ਇੰਜੀਨੀਅਰ ਸੁਰਿੰਦਰ ਪਾਲ ਉਰਫ ਪਹਿਲਵਾਨ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰ ਨੇ ਕੇਸ ਦਰਜ ਕੀਤਾ ਸੀ। ਪਰ ਖਾਤਿਆਂ ਵਿੱਚ ਕਰੋੜਾਂ ਦਾ ਲੈਣ-ਦੇਣ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਇਹ ਕੇਸ ਟੇਕ ਓਵਰ ਕਰ ਲਿਆ ਸੀ । ਈਡੀ ਨੇ ਸਵਾਲਾਂ ਦੀ ਲਿਸਟ ਲੈਕੇ ਪਹਿਲਵਾਨ ਤੋਂ ਕਰੋੜਾਂ ਦਾ ਹਿਸਾਬ ਮੰਗਿਆ ਸੀ । ਉਨ੍ਹਾਂ ਤੋਂ ਆਮਦਨ ਦੇ ਸੋਰਸ ਦੇ ਬਾਰੇ ਪੁੱਛਿਆ ਗਿਆ ਸੀ । ਪਰ ਕਰੋੜਾਂ ਰੁਪਏ ਦੀ FD, ਜਾਇਦਾਦ ਦੇ ਨਾਲ ਤਿੰਨ ਨਿੱਜੀ ਕੰਪਨੀਆਂ ਖੜੀ ਕਰਨ ਵਾਲੇ ਇੰਜੀਨੀਅਰ ਪਹਿਲਵਾਨ ਨੇ ਕੋਈ ਵੀ ਜਵਾਬ ਨਹੀਂ ਦਿੱਤਾ । ਇਸ ਤੋਂ ਬਾਅਦ ਈਡੀ ਨੇ ਕਾਰਵਾਈ ਕੀਤੀ ਹੈ ।