‘ਦ ਖ਼ਾਲਸ ਬਿਊਰੋ :- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸਥਿਤ ਘਰ ਵਿੱਚ ED ਵੱਲੋਂ ਅੱਜ ਛਾਪੇਮਾਰੀ ਕੀਤੀ ਗਈ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਜਾਣਕਾਰੀ ਮੁਤਾਬਕ ਖਹਿਰਾ ‘ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਉਸਦੇ ਘਰ ਛਾਪਾ ਮਾਰਿਆ ਗਿਆ ਹੈ। ਸੁਖਪਾਲ ਖਹਿਰਾ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਰੈਕੇਟ ਦੇ ਕੇਸਾਂ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਪੰਜ ਜਾਇਦਾਦਾਂ ’ਤੇ ਛਾਪੇ ਮਾਰੇ ਹਨ। ED ਵੱਲੋਂ ਕਪਰੂਥਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਾਲੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਹੈ। ED ਦੀ ਟੀਮ ਸਮੇਤ ਪੰਜਾਬ ਪੁਲਿਸ ਵੀ ਖਹਿਰਾ ਦੇ ਘਰ ਮੌਜੂਦ ਸੀ। ਪੁਲਿਸ ਅਧਿਕਾਰੀਆਂ ਵੱਲੋਂ ਡਾਕੂਮੈਂਟਸ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ, ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਈਡੀ ਵੱਲੋਂ ਇਹ ਕਾਰਵਾਈ ਪੂਰਾ ਦਿਨ ਚੱਲ ਸਕਦੀ ਹੈ।
ਸੁਖਪਾਲ ਖਹਿਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਖਹਿਰਾ ਦੇ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਿਨਾਂ ਵਕੀਲ ਦੇ ED ਕਿਸੇ ਦੇ ਵੀ ਘਰ ਛਾਪਾ ਨਹੀਂ ਮਾਰ ਸਕਦੀ। ਇਹ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ। ED ਨੂੰ ਮੈਨੂੰ ਇਸ ਛਾਪੇਮਾਰੀ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ ਜਾਣਕਾਰੀ ਮੁਤਾਬਕ ਈਡੀ ਦਾ ਇਹ ਛਾਪਾ ਕਿਸਾਨੀ ਅੰਦੋਲਨ ਕਰਕੇ ਵੀ ਵਿਧਾਇਕ ਦੇ ਘਰ ‘ਤੇ ਮਾਰਿਆ ਗਿਆ ਹੈ ਕਿਉਂਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਰਹੇ ਹਨ ਅਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਕੇਸ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਹ ਹਨ।
ED ਦੇ ਛਾਪੇ ਤੋਂ ਬਾਅਦ ਖਹਿਰਾ ਨੇ ਕਿਹਾ ਕਿ ‘ਸਰਕਾਰ ਹਮੇਸ਼ਾ ਮੇਰੇ ਤੋਂ ਡਰਦੀ ਰਹੀ ਹੈ। ਮੈਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ। UAPA ਖਿਲਾਫ ਆਵਾਜ਼ ਬੁਲੰਦ ਕਰਨ ‘ਤੇ ED ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੈਂ ਵਿਦੇਸੀ ਫੰਡ ਨਹੀਂ ਲਿਆ, ਮੈਂ ਕਰਜ਼ਦਾਰ ਹਾਂ। ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਵਾਲੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਾਡੇ ਸਾਰੇ ਟੈਲੀਫੋਨ ਬੰਦ ਕਰਵਾ ਦਿੱਤੇ ਹਨ।’।