The Khalas Tv Blog Punjab ਮੁਹਾਲੀ GMADA ਦਫ਼ਤਰ ’ਚ ਖ਼ਤਮ ਹੋਈ ED ਦੀ ਰੇਡ
Punjab

ਮੁਹਾਲੀ GMADA ਦਫ਼ਤਰ ’ਚ ਖ਼ਤਮ ਹੋਈ ED ਦੀ ਰੇਡ

ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਵਿਖੇ GMADA ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਚੱਲ ਰਹੀਆਂ ਈਡੀ ਦੀਆਂ ਛਾਪੇਮਾਰੀਆਂ ਲਗਭਗ 48 ਘੰਟਿਆਂ ਬਾਅਦ ਖ਼ਤਮ ਹੋ ਗਈਆਂ ਹਨ। ਈਡੀ ਟੀਮਾਂ ਮੋਹਾਲੀ ਸਥਿਤ ਜੀਐਮਏਡੀਏ ਹੈੱਡਕੁਆਰਟਰ ਤੋਂ ਪੰਜ-ਛੇ ਵਾਹਨਾਂ ਵਿੱਚ ਰਵਾਨਾ ਹੋ ਗਈਆਂ ਅਤੇ ਆਪਣੇ ਨਾਲ ਕਈ ਮਹੱਤਵਪੂਰਨ ਦਸਤਾਵੇਜ਼ ਲੈ ਗਈਆਂ। ਹਾਲਾਂਕਿ ਏਜੰਸੀ ਨੇ ਛਾਪੇਮਾਰੀ ਦੇ ਨਤੀਜਿਆਂ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਸੂਤਰਾਂ ਮੁਤਾਬਕ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਦੇ ਘਰ ਤੋਂ ਲਗਭਗ 2.5 ਕਰੋੜ ਰੁਪਏ ਨਕਦ, 1.25 ਕਿਲੋ ਸੋਨਾ-ਚਾਂਦੀ ਅਤੇ ਕੁਝ ਜ਼ਮੀਨੀ ਦਸਤਾਵੇਜ਼ ਬਰਾਮਦ ਹੋਏ ਹਨ।

ਈਡੀ ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਬੁੱਧਵਾਰ ਨੂੰ ਲੁਧਿਆਣਾ ਵਿਖੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ’ਤੇ ਵੀ ਛਾਪਾ ਮਾਰਿਆ ਗਿਆ। ਇਸ ਤੋਂ ਇਲਾਵਾ ਟੀਮ ਨੇ ਰਾਤ ਨੂੰ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੇ ਚੰਡੀਗੜ੍ਹ ਸਥਿਤ ਘਰ ਦਾ ਵੀ ਦੌਰਾ ਕੀਤਾ। ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਦੇਰ ਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ। ਹਾਈ ਕੋਰਟ ਨੇ ਈਡੀ ਛਾਪੇਮਾਰੀ ਦੀ ਨਿਗਰਾਨੀ ਲਈ ਇੱਕ ਵਾਰੰਟ ਅਫ਼ਸਰ ਨਿਯੁਕਤ ਕੀਤਾ ਹੈ। ਵਾਰੰਟ ਅਫ਼ਸਰ ਨੂੰ ਮੌਕੇ ਦਾ ਮੁਆਇਨਾ ਕਰਕੇ ਵੀਰਵਾਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਉਹ ਕਿਸੇ ਵੀ ਸਮੇਂ ਛਾਪੇਮਾਰੀ ਵਾਲੀ ਥਾਂ ਦਾ ਨਿਰੀਖਣ ਕਰ ਸਕਦਾ ਹੈ।

ਮੋਹਾਲੀ ਦੇ ਫੇਜ਼-8 ਸਥਿਤ ਜੀਐਮਏਡੀਏ ਮੁੱਖ ਦਫ਼ਤਰ ’ਤੇ ਈਡੀ ਨੇ ਮੰਗਲਵਾਰ ਸਵੇਰੇ ਛਾਪਾ ਮਾਰਨਾ ਸ਼ੁਰੂ ਕੀਤਾ ਸੀ। ਉੱਥੇ ਈਡੀ ਅਤੇ ਕੇਂਦਰੀ ਸੁਰੱਖਿਆ ਬਲ ਦੇ ਅਧਿਕਾਰੀ ਮੌਜੂਦ ਰਹੇ। ਸਰਕਾਰੀ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦਫ਼ਤਰ ਦੀਆਂ ਤਿੰਨ ਮੰਜ਼ਿਲਾਂ ਸੀਲ ਕਰ ਦਿੱਤੀਆਂ ਗਈਆਂ ਸਨ ਅਤੇ ਰਿਕਾਰਡ ਜ਼ਬਤ ਕਰ ਲਏ ਗਏ ਹਨ। ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਸ ਤੋਂ ਇਲਾਵਾ ਈਡੀ ਟੀਮ ਨੇ ਆਈਏਐਸ ਅਧਿਕਾਰੀ ਰਾਜੀਵ ਗੁਪਤਾ ਦੇ ਸੈਕਟਰ-19 ਸਥਿਤ ਘਰ ਦਾ ਵੀ ਦੌਰਾ ਕੀਤਾ। ਇਸ ਸਮੁੱਚੀ ਕਾਰਵਾਈ ਨਾਲ ਪੰਜਾਬ ਦੀ ਸਿਆਸੀ ਗਰਮਾਗਰਮੀ ਵਧ ਗਈ ਹੈ ਅਤੇ ਅੱਗੇ ਦੀਆਂ ਜਾਂਚਾਂ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।

 

Exit mobile version