Punjab

ਚੰਡੀਗੜ੍ਹ ‘ਚ ਬਣੇਗਾ ED ਦਫ਼ਤਰ, 220 ਲੋਕਾਂ ਲਈ ਫਲੈਟ ਬਣਾਉਣ ‘ਤੇ ਖ਼ਰਚੇ ਜਾਣਗੇ 59.13 ਕਰੋੜ ਰੁਪਏ

ED office will be built in Chandigarh, Rs 59.13 crore will be spent on building flats for 220 people

ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਉੱਤਰੀ ਖੇਤਰੀ ਦਫ਼ਤਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਲਈ ਸੈਕਟਰ 38 ਵੈਸਟ ਵਿੱਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਜ਼ਮੀਨ ਲੇਬਰ ਬਿਊਰੋ ਦਫ਼ਤਰ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਚਕਾਰ ਅਲਾਟ ਕੀਤੀ ਗਈ ਹੈ।

ਈਡੀ ਇੱਥੇ ਆਪਣਾ ਦਫ਼ਤਰ ਬਣਾਉਣ ‘ਤੇ 59.13 ਕਰੋੜ ਰੁਪਏ ਖ਼ਰਚ ਕਰੇਗੀ। ਜਿਸ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਈਡੀ ਦੀ ਮੰਗ ‘ਤੇ ਇਹ ਜਗ੍ਹਾ ਅਲਾਟ ਕੀਤੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਵਿੱਚ 220 ਕਰਮਚਾਰੀ ਹੋਣਗੇ। ਜਿਸ ਲਈ ਇੱਥੇ ਰਿਹਾਇਸ਼ੀ ਕਲੋਨੀ ਬਣਾਉਣ ਦੀ ਵੀ ਯੋਜਨਾ ਹੈ। ਈਡੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਦਫ਼ਤਰ ਜਲੰਧਰ ਵਿੱਚ ਮੌਜੂਦ ਹੈ, ਪਰ ਚੰਡੀਗੜ੍ਹ ਵਿੱਚ ਬਣਨ ਵਾਲਾ ਦਫ਼ਤਰ ਉੱਤਰੀ ਜ਼ੋਨ ਦਾ ਸਭ ਤੋਂ ਵੱਡਾ ਦਫ਼ਤਰ ਹੋਵੇਗਾ।

ਇੱਥੇ ਕੰਮ ਕਰਦੇ ਮੁਲਾਜ਼ਮਾਂ ਲਈ ਰਹਿਣ ਲਈ ਮਕਾਨਾਂ ਦੀ ਮੰਗ ਕੀਤੀ ਗਈ। ਹੁਣ ਇਨ੍ਹਾਂ ਮੁਲਾਜ਼ਮਾਂ ਲਈ ਫਲੈਟਾਂ ਨਾਲ ਕਰੀਬ 14890 ਵਰਗ ਮੀਟਰ ਜ਼ਮੀਨ ਤਿਆਰ ਕੀਤੀ ਜਾਵੇਗੀ। ਹਾਲਾਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੱਕ ਅਸਥਾਈ ਦਫ਼ਤਰ ਚੰਡੀਗੜ੍ਹ ਵਿੱਚ ਸਥਾਪਤ ਕੀਤਾ ਗਿਆ ਹੈ। ਇਹ ਆਰਜ਼ੀ ਦਫ਼ਤਰ ਸੈਕਟਰ 18 ਦੀ ਪ੍ਰੈਸ ਬਿਲਡਿੰਗ ਤੋਂ ਚਲਾਇਆ ਜਾ ਰਿਹਾ ਹੈ ਪਰ ਇਸ ਵੇਲੇ ਇੱਥੇ ਸਟਾਫ਼ ਬਹੁਤ ਘੱਟ ਹੈ। ਨਵੇਂ ਦਫ਼ਤਰ ਦੀ ਉਸਾਰੀ ਤੋਂ ਬਾਅਦ ਇਸ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਈਡੀ ਦਫ਼ਤਰ ਹੋਵੇਗਾ।