Punjab

ਚੰਨੀ ਦੇ ਭਤੀਜੇ ਖ਼ਿਲਾਫ਼ ਐਕਸ਼ਨ ‘ਚ ED

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਹਿਯੋਗੀ ਕੁਦਰਤਦੀਪ ਸਿੰਘ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਈਡੀ ਵੱਲੋਂ ਪੀਐੱਮਐੱਲਏ ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 6 ਅਪ੍ਰੈਲ ਤੈਅ ਕੀਤੀ ਹੈ।

ਪੰਜਾਬ ਵਿੱਚ ਕਥਿਤ ਗੈਰ ਕਾਨੂੰਨੀ ਰੇਤ ਖਣਨ ਮਾਮਲੇ ਵਿੱਚ ਹਨੀ ਤਿੰਨ ਫਰਵਰੀ ਨੂੰ ਗ੍ਰਿਫ਼ਤਾਰ ਹੋਇਆ ਸੀ। ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਟਿਕਾਣਿਆਂ ਉੱਤੇ ਈਡੀ ਨੇ ਛਾਪੇ ਮਾਰੀ ਕੀਤੀ ਸੀ ਤੇ ਇਸ ਦੌਰਾਨ 10 ਕਰੋੜ ਦੀ ਨਕਦੀ,ਸੋਨਾ,ਮਹਿੰਗੀਆਂ ਘੜੀਆਂ-ਗੱਡੀਆਂ ਅਤੇ ਜਾਇਦਾਦ ਦੇ ਕਾਗਜ਼ ਮਿਲੇ ਸੀ। ਜਿਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਣਜਾਣਤਾ ਦਿਖਾਈ ਸੀ ਤੇ ਕਿਹਾ ਸੀ ਕਿ ਹਨੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ।

ਸੂਤਰਾਂ ਅਨੁਸਾਰ ਭੁਪਿੰਦਰ ਸਿੰਘ ਨੇ ਤਲਾਸ਼ੀ ਦੌਰਾਨ ਆਪਣੇ ਬਿਆਨ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਾਰੀ ਨਕਦੀ ਜੋ ਉਸ ਦੇ ਅਲੱਗ-ਅਲੱਗ ਟਿਕਾਣਿਆਂ ਤੋਂ ਮਿਲੀ ਹੈ,ਉਸ ਨਾਲ ਸਬੰਧਤ ਹੈ। ਜਿਸ ਬਾਰੇ ਉਸਨੇ ਸਵੀਕਾਰ ਕੀਤਾ ਕਿ ਇਹ ਸਾਰੀ ਰਕਮ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਦੁਆਰਾ ਕਮਾਈ ਗਈ ਹੈ, ਜਿਸ ਵਿੱਚ ਮਾਈਨਿੰਗ ਫਾਈਲਾਂ ਦੀ ਕਲੀਅਰੈਂਸ ਅਤੇ ਅਧਿਕਾਰੀਆਂ ਦੇ ਤਬਾਦਲੇ ਸ਼ਾਮਲ ਹਨ।

ਭੁਪਿੰਦਰ ਸਿੰਘ ਨੇ ਕਥਿਤ ਤੌਰ ‘ਤੇ ਪੰਜਾਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲੇ ਕਰਕੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਈਡੀ ਨੂੰ ਸ਼ੱਕ ਹੈ ਕਿ ਚੰਨੀ ਦਾ ਭਤੀਜਾ ਪੈਸਿਆਂ ਦੇ ਬਦਲੇ ਸਰਕਾਰੀ ਅਧਿਕਾਰੀਆਂ ਦੀ ਪੋਸਟਿੰਗ ਕਰਨ ਲਈ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰ ਰਿਹਾ ਸੀ ਜਿਸ ਤੋਂ ਉਸ ਨੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਜਦੋਂ ਕਿ ਬਾਕਿ ਦੇ ਕਰੀਬ 6 ਤੋਂ 7 ਕਰੋੜ ਰੁਪਏ ਸੂਬੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਰਾਹੀਂ ਕਮਾਏ ਸਨ।