Punjab

ED ਨੇ ਸਾਬਕਾ ਮੰਤਰੀ ਧਰਮਸੋਤ ਨੂੰ ਗ੍ਰਿਫਤਾਰ ਕੀਤਾ ! ਆਮਦਨ ਤੋਂ 4 ਗੁਣਾ ਵੱਧ ਖਰਚਿਆ ! 2 ਸਾਲਾਂ ਚ ਤੀਜੀ ਵਾਰ ਗ੍ਰਿਫਤਾਰੀ

ਬਿਉਰੋ ਰਿਪੋਰਟ : ਐਨਫੋਰਸਮੈਂਟ ਡਾਇਰੈਕਟਰੇਟ (ED) ਨੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ( Ex congress minister Sadhu singh Dharamsot) ਨੂੰ ਗ੍ਰਿਫਤਾਰ (Arrest) ਕਰ ਲਿਆ ਹੈ । ਧਰਮਸੋਤ ਨੂੰ ਜੰਗਰਾਤ ਘੁਟਾਲੇ (Forest Department scam) ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛ-ਗਿੱਛ ਦੇ ਲਈ ਬੁਲਾਇਆ ਸੀ। ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ‘ਤੇ ED ਨੇ ਇਹ ਕਾਰਵਾਈ ਕੀਤੀ ਹੈ । ਨਵੰਬਰ 2023 ਨੂੰ ਹੀ ED ਨੇ ਧਰਮਸੋਤ ਤੋਂ ਇਲਾਵਾ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ (sangat singh Gilzia),ਜੰਗਲਾਤ ਵਿਭਾਗ ਦੇ ਅਧਿਕਾਰੀ,ਠੇਕੇਦਾਰਾਂ ਅਤੇ ਕੁਝ ਵਪਾਰੀਆਂ ਤੋਂ ਪੁੱਛ-ਗਿੱਛ ਕੀਤੀ ਸੀ । ED ਧਰਮਸੋਤ ਦੇ ਕਰੀਬੀ ਅਤੇ ਜੰਗਲਾਤ ਮਹਿਕਮੇ ਦੇ ਠੇਕੇਦਾਰ ਹਰਮੋਹਿੰਦਰ ਸਿੰਘ,ਖੰਨਾ ਵਿੱਚ ਮੌਜੂਦ ਹੋਰ ਕਰੀਬੀ ਕਾਰੋਬਾਰੀਆਂ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ।

ED ਨੇ ਵਿਜੀਲੈਂਸ ਤੋਂ ਲਏ ਸਨ ਦਸਤਾਵੇਜ਼

ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਨੇ ਵੀ ਸਾਧੂ ਸਿੰਘ ਧਰਮਸੋਤ ਨੂੰ 2 ਵਾਰ ਇਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਈਡੀ ਨੇ ਵਿਜੀਲੈਂਸ ਤੋਂ ਹੀ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿੱਚ ਕਾਗਜ਼ਾਦ ਲਏ ਸਨ । ਸੰਗਤ ਸਿੰਘ ਗਿਲਜੀਆ ਦਾ ਨਾਂ ਵੀ FIR ਵਿੱਚ ਜੋੜਿਆ ਗਿਆ ਸੀ।

ਪੰਜਾਬ ਵਿਜੀਲੈਂਸ ਬਿਉਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਸਾਲ ਫਰਵਰੀ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੂਜੀ ਵਾਰ ਗ੍ਰਿਫਤਾਰ ਕੀਤਾ ਸੀ । 2022 ਵਿੱਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਅਤੇ 89 ਦਿਨ ਉਹ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਤੰਬਰ 2022 ਵਿੱਚ ਜ਼ਮਾਨਤ ‘ਤੇ ਬਾਹਰ ਆਏ ਸਨ। ਵਿਜੀਲੈਂਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਅਤੇ 31 ਮਾਰਚ 2022 ਤੱਕ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਸੀ ਜਦੋਂ ਕਿ ਖਰਚ 8.76 ਕਰੋੜ ਸੀ । ਇਹ ਖਰਚ 6.39 ਕਰੋੜ ਰੁਪਏ ਵੱਧ ਸੀ ।

ਵਿਜੀਲੈਂਸ ਬਿਉਰੋ ਨੇ 7 ਜੂਨ 2022 ਨੂੰ ਧਰਮਸੋਤ ਅਤੇ ਉਨ੍ਹਾਂ ਦੇ 2 ਸਾਥੀਆਂ ਨੂੰ ਖੈਰ ਦੇ ਦਰੱਖਤ ਕੱਟਣ ਦੇ ਲਈ ਪਰਮਿਟ ਜਾਰੀ ਕਰਨ,ਸਰਕਾਰੀ ਅਧਿਕਾਰੀਆਂ ਦੇ ਟਰਾਂਸਫਰ,ਖਰੀਦ ਅਤੇ ਪ੍ਰਮਾਣ ਪੱਤਰ ਜਾਰੀ ਕਰਨ ਦੇ ਸਬੰਧ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ । ਇਹ ਮਾਮਲਾ ਮੁਹਾਲੀ ਵਿੱਚ ਗ੍ਰਿਫਤਾਰ DFO ਗੁਰਮਨਪ੍ਰੀਤ ਸਿੰਘ ਅਤੇ ਹਰਮਿੰਦਰ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਦੇ ਅਧਾਰ ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਮੰਤਰੀ ਦੇ ਕਾਰਜਕਾਲ ਦੌਰਾਨ ਹੋਈਆਂ ਗੜਬੜੀਆਂ ਦਾ ਖੁਲਾਸਾ ਕੀਤਾ ਸੀ।