India

“ਆਪ” ਲੀਡਰ ‘ਤੇ ED ਦੀ ਕਾਰਵਾਈ, ਕੇਜਰੀਵਾਲ ਸਰਕਾਰ ਦੇ ਮੰਤਰੀ ਦੇ ਘਰ ਸਮੇਤ 10 ਥਾਵਾਂ ‘ਤੇ ਛਾਪੇਮਾਰੀ

ED action on "AAP" leader, raids at 10 places including Kejriwal government minister's house

ਦਿੱਲੀ : ਆਮ ਆਦਮੀ ਪਾਰਟੀ ਦੇ ਲੀਡਰਾਂ ‘ਤੇ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਦੇ ਤਹਿਤ ਅੱਜ ਈਡੀ ਦੀ ਕਾਰਵਾਈ ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਖਣ ਨੂੰ ਮਿਲੀ। ਈਡੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ‘ਚ ਈਡੀ ਸਿਵਲ ਲਾਈਨ ਸਥਿਤ ਰਾਜਕੁਮਾਰ ਆਨੰਦ ਦੇ ਘਰ ਪਹੁੰਚ ਗਈ ਹੈ ਅਤੇ ਘਰ ਦੀ ਤਲਾਸ਼ੀ ਲੈ ਰਹੀ ਹੈ। ਇੰਨਾ ਹੀ ਨਹੀਂ ਰਾਜਕੁਮਾਰ ਆਨੰਦ ਨਾਲ ਸਬੰਧਿਤ ਕਰੀਬ 10 ਥਾਵਾਂ ‘ਤੇ ਸਵੇਰ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ। ਫ਼ਿਲਹਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਹੋਇਆ ਹੈ ਕਿ ਈਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਕਿਸ ਮਾਮਲੇ ‘ਚ ਕਾਰਵਾਈ ਕੀਤੀ ਹੈ।

ਦਰਅਸਲ, ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ‘ਤੇ ਈਡੀ ਨੇ ਅਜਿਹੇ ਸਮੇਂ ਛਾਪਾ ਮਾਰਿਆ ਹੈ, ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣਾ ਹੈ। ਈਡੀ ਨੇ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਅਰਵਿੰਦ ਕੇਜਰੀਵਾਲ ਨੂੰ ਅੱਜ ਯਾਨੀ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਹਾਲਾਂਕਿ ਅਜੇ ਤੱਕ ਮੁੱਖ ਮੰਤਰੀ ਦਫ਼ਤਰ ਜਾਂ ਆਮ ਆਦਮੀ ਪਾਰਟੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਅੱਜ ਦੀ ਪੁੱਛਗਿੱਛ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।

ਦੱਸ ਦੇਈਏ ਕਿ ਰਾਜਕੁਮਾਰ ਆਨੰਦ ਇਸ ਸਮੇਂ ਦਿੱਲੀ ਸਰਕਾਰ ਵਿੱਚ ਕਿਰਤ ਮੰਤਰੀ ਹਨ। ਇਸ ਸਾਲ ਦੇ ਸ਼ੁਰੂ ਵਿੱਚ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫ਼ਿਆਂ ਤੋਂ ਬਾਅਦ ਕਿਰਤ ਮੰਤਰੀ ਰਾਜ ਕੁਮਾਰ ਆਨੰਦ ਨੂੰ ਸਿੱਖਿਆ ਅਤੇ ਸਿਹਤ ਮੰਤਰਾਲੇ ਅਲਾਟ ਕੀਤੇ ਗਏ ਸਨ। ਬਾਅਦ ਵਿਚ ਸਿਹਤ ਦੀ ਜ਼ਿੰਮੇਵਾਰੀ ਸੌਰਭ ਭਾਰਦਵਾਜ ਨੂੰ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਆਤਿਸ਼ੀ ਨੂੰ ਦਿੱਤੀ ਗਈ।

ਦੱਸ ਦੇਈਏ ਕਿ ਈਡੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕਰੇਗਾ। ਈਡੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੁੱਛਗਿੱਛ ਲਈ 2 ਨਵੰਬਰ ਨੂੰ ਤਲਬ ਕੀਤਾ ਸੀ। ਕੇਜਰੀਵਾਲ ਨੂੰ ਅੱਜ 11 ਵਜੇ ਈਡੀ ਦੇ ਦਿੱਲੀ ਸਥਿਤ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।