ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਰਵਾਈ ਕੀਤੀ ਹੈ। ED ਨੇ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਇਹ ਕਾਰਵਾਈ ਕੀਤੀ ਹੈ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਖ਼ਿਲਾਫ਼ ਜਾਂਚ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਵਿਖੇ 32.42 ਲੱਖ ਰੁਪਏ ਦੇ ਮਕਾਨ ਅਤੇ ਫਿਕਸਡ ਡਿਪਾਜ਼ਿਟ (ਐੱਫ.ਡੀ.) ਦੀ ਕੁਰਕੀ ਲਈ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਹੁਕਮ ਜਾਰੀ ਕੀਤਾ ਗਿਆ ਹੈ। ਘਰ ਦੀ ਬਾਜ਼ਾਰੀ ਕੀਮਤ ਇੱਕ ਕਰੋੜ ਰੁਪਏ ਤੋਂ ਵੱਧ ਹੈ।
ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਇੰਦਰਜੀਤ ਖ਼ਿਲਾਫ਼ 2017 ਵਿੱਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਸ ਵਿੱਚ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਤਸਕਰ ਦੀ ਮਦਦ ਦੇ ਬਦਲੇ ਵਿੱਚ ਘਰ ਮਿਲਿਆ ਸੀ
ਈਡੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਤਸਕਰ ਦੇ ਪਰਿਵਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਤਸਕਰ ਨੂੰ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਦੇ ਬਦਲੇ ਇੰਦਰਜੀਤ ਨੇ ਛੇਹਰਟਾ ਇਲਾਕੇ ਵਿਚ ਆਪਣੇ ਇੱਕ ਰਿਸ਼ਤੇਦਾਰ ਦੇ ਨਾਂ ‘ਤੇ ਮਕਾਨ ਲੈ ਲਿਆ ਸੀ।
39 ਲੱਖ ਰੁਪਏ ਰਿਸ਼ਵਤ ਵੀ ਲਈ ਗਈ ਸੀ
ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਵੀ ਤਸਕਰ ਅਤੇ ਉਸ ਦੇ ਪਰਿਵਾਰ ਦੇ ਖ਼ਿਲਾਫ਼ ਇੱਕ ਹੋਰ ਕੇਸ ਦੀ ਪੈਰਵੀ ਨਾ ਕਰਨ ਬਦਲੇ 39 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਈਡੀ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਨਿਰਧਾਰਿਤ ਅਪਰਾਧ ਦੇ ਨਤੀਜੇ ਵਜੋਂ ਕੁਰਕ ਕੀਤੀਆਂ ਅਚੱਲ ਜਾਇਦਾਦਾਂ ਸਿੱਧੇ ਤੌਰ ‘ਤੇ ਹਾਸਲ ਕੀਤੀਆਂ ਸਨ।