Punjab

ਖਹਿਰਾ ਖਿਲਾਫ਼ ਇਸ ਵੱਡੇ ਮਾਮਲੇ ਵਿੱਚ ਟਰਾਇਲ ਸ਼ੁਰੂ ! ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਬਿਉਰੋ ਰਿਪੋਰਟ : ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਕੋਰਟ ਵਿੱਚ ਅਗਲੀ ਸੁਣਵਾਈ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ । ਆਮ ਆਦਮੀ ਪਾਰਟੀ ਲਈ ਫੰਡਿੰਗ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਵੀਡੀਓ ਕਾਂਫਰੰਸਿੰਗ ਦੇ ਜ਼ਰੀਏ ਸੁਣਵਾਈ ਹੋਈ। ਉਧਰ ਅਦਾਲਤ ਨੇ ED ਨੂੰ ਵੀ ਆਪਣੇ ਗਵਾਹਾਂ ਅਤੇ ਸਬੂਤਾਂ ਨਾਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ‘ਤੇ ED ਨੇ ਵਿਦੇਸ਼ਾ ਵਿੱਚ ਆਮ ਆਦਮੀ ਪਾਰਟੀ ਲਈ ਕੀਤੀ ਗਈ ਫੰਡਿੰਗ ਦਾ ਮਾਮਲਾ ਦਰਜ ਕੀਤਾ ਹੈ ।

ਇਹ ਹੈ ਪੂਰਾ ਮਾਮਲਾ

ਸੁਖਪਾਲ ਸਿੰਘ ਖਹਿਰਾ ਨੇ ਜਦੋਂ 2016 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਉਨ੍ਹਾਂ ਨੂੰ NRI ਸੈੱਲ ਦਾ ਮੁਖੀ ਬਣਾਇਆ ਗਿਆ ਸੀ । ਇਸ ਦੌਰਾਨ ਖਹਿਰਾ ਨੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਤੋਂ ਪਾਰਟੀ ਲਈ ਫੰਡਿੰਗ ਕੀਤੀ ਸੀ । ਇਸੇ ਮਸਲੇ ਦੀ ED ਜਾਂਚ ਕਰ ਰਹੀ ਹੈ। ਜਾਂਚ ਵਿੱਚ ਸਹਿਯੋਗ ਨਾ ਕਰਨ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ 2022 ਦੇ ਸ਼ੁਰੂਆਤ ਵਿੱਚ ED ਨੇ ਗ੍ਰਿਫਤਾਰ ਵੀ ਕੀਤਾ ਸੀ । ਜਿਸ ਤੋਂ ਬਾਅਦ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਬੇਲ ਮਿਲੀ ਸੀ।

ਡਰੱਗ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹਨ ਖਹਿਰਾ

ਸੁਖਪਾਲ ਸਿੰਘ ਖਹਿਰਾ ਨੂੰ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜ਼ਮਾਨਤ ਮਿਲੀ ਹੋਈ ਹੈ । 2015 ਦੇ ਇੱਕ ਪੁਰਾਣੇ ਡਰੱਗ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ । ਇਸ ਮਾਮਲੇ ਵਿੱਚ ਕਈ ਮੁਲਜ਼ਮਾਂ ਨੂੰ ਸਜ਼ਾ ਮਿਲੀ ਸੀ। ਫੈਸਲੇ ਵਾਲੇ ਦਿਨ ਜਦੋਂ ਸੁਖਪਾਲ ਖਹਿਰਾ ਦਾ ਨਾਂ ਸਾਹਮਣੇ ਆਇਆ ਸੀ ਤਾਂ ਫਾਜ਼ਿਲਕਾ ਅਦਾਲਤ ਨੇ ਖਹਿਰਾ ਨੂੰ ਸੰਮਨ ਕਰਕੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਦੇ ਖਿਲਾਫ ਖਹਿਰਾ ਹਾਈਕੋਰਟ ਗਏ ਸਨ। ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲੱਗਾ ਦਿੱਤੀ ਸੀ ਪਰ ਸੰਮਨ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ । ਇਸ ਦੇ ਖਿਲਾਫ ਖਹਿਰਾ ਸੁਪਰੀਮ ਕੋਰਟ ਪਹੁੰਚੇ ਜਿੱਥੇ ਅਦਾਲਤ ਨੇ ਇਸੇ ਸਾਲ ਸੰਮਨ ਨੂੰ ਵੀ ਰੱਦ ਕਰ ਦਿੱਤਾ ਸੀ। ਫਿਰ ਇਸੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਮਾਮਲੇ ਦੀ ਮੁੜ ਜਾਂਚ ਲਈ ਇੱਕ SIT ਦਾ ਗਠਨ ਕੀਤਾ ਗਿਆ ਜਿਸ ਦੀ ਰਿਪੋਰਟ ਦੇ ਅਧਾਰ ‘ਤੇ ਅਕਤੂਬਰ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਪੰਜਾਬ ਹਰਿਆਣਾ ਹਾਈਕੋਰਟ ਖਹਿਰਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ ਅਤੇ ਫੈਸਲਾ ਰਿਜ਼ਰਵ ਰੱਖਿਆ ਗਿਆ ਹੈ।