India International Punjab

Global Warming ਤੋਂ ਡਰਨ ਦੀ ਲੋੜ ਨਹੀਂ, ਹਾਲੇ ਜਿਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2009 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਸ਼ੁਰੂ ਹੋਈ ਈਕੋਸਿੱਖ ਸੰਸਥਾ ਹੁਣ ਅੰਮ੍ਰਿਤਸਰ ਵਿੱਚ 450 ਜੰਗਲ ਲਗਾਏਗੀ। ਈਕੋਸਿੱਖ ਸੰਸਥਾ ਵੱਲੋਂ ਸਾਲ 2027 ਵਿੱਚ ਅਮ੍ਰਿੰਤਸਰ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਸ਼ਿੰਗਟਨ ਆਧਾਰਿਤ ਸੰਸਥਾ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾਣਗੇ। ਇਸ ਮੁਹਿੰਮ ਨੂੰ ‘ਈਕੋ ਅਮ੍ਰਿੰਤਸਰ 450’ ਦਾ ਨਾਂ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਸਮਾਜਿਕ, ਪ੍ਰਵਾਸੀ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਲ ਜੋੜ ਕੇ ਇਸ ਟੀਚੇ ਵੱਲ ਵਧਿਆ ਜਾਵੇਗਾ। ਹਰੇਕ ਜੰਗਲ ਵਿੱਚ 550 ਰੁੱਖ ਲਗਾਏ ਜਾਣਗੇ। ਈਕੋਸਿੱਖ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ 10 ਲੱਖ ਰੁੱਖ ਲਾਉਣ ਦੇ ਟੀਚੇ ਤਹਿਤ 550 ਰੁੱਖਾਂ ਦੇ 400 ਤੋਂ ਵੱਧ ਜੰਗਲ ਲਗਾਏ ਜਾ ਚੁੱਕੇ ਹਨ।

ਈਕੋਸਿੱਖ ਸੰਸਥਾ ਦੇ ਬਾਨੀ ਅਤੇ ਪ੍ਰਧਾਨ ਡਾ ਰਾਜਵੰਤ ਸਿੰਘ ਨੇ ਕਿਹਾ ਕਿ, ” ਅੰਮ੍ਰਿਤਸਰ ਸਾਹਿਬ ਵਿਖੇ ਹਰ ਦਿਨ ਲੱਖਾਂ ਸ਼ਰਧਾਲੂ ਆਉਂਦੇ ਹਨ, ਜਿਸਦਾ ਪ੍ਰਭਾਵ ਇੱਥੋਂ ਦੇ ਆਲੇ-ਦੁਆਲੇ ਉੱਤੇ ਵੇਖਿਆ ਜਾ ਸਕਦਾ ਹੈ। ਜਲ ਸਰੋਤਾਂ ਦੀ ਭਾਰੀ ਵਰਤੋਂ, ਖਾਣ-ਪੀਣ, ਊਰਜਾ ਅਤੇ ਵੱਡੀ ਮਾਤਰਾ ‘ਚ ਕੂੜਾ ਪੈਦਾ ਹੁੰਦਾ ਹੈ। ਅਜਿਹੇ ਮੌਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਦਮ ਚੁੱਕਣੇ ਅਤੇ ਵਾਤਾਵਰਨ ਖਰਾਬ ਹੋਣ ਤੋਂ ਬਚਾਉਣ ਲਈ ਰੁੱਖ ਲਾਉਣੇ ਬੇਹੱਦ ਜ਼ਰੂਰੀ ਹਨ।

ਉਹਨਾਂ ਕਿਹਾ ਕਿ “ਸਾਨੂੰ ਪੂਰਾ ਭਰੋਸਾ ਹੈ ਕਿ ਸਾਰੇ ਇਸ ਮੁਹਿੰਮ ਨਾਲ ਜੁੜਨਗੇ ਤਾਂ ਜੋ ਸ਼ਹਿਰ ਦੀ ਵਿਲੱਖਣਤਾ ਨੂੰ ਆਉਂਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ।” ਈਕੋਸਿੱਖ ਇੰਡੀਆ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਨੇ ਕਿਹਾ ਕਿ “ਅਮ੍ਰਿੰਤਸਰ ਵਿੱਚ ਹਰਿਆਲੀ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਗਈ ਹੈ, ਵੱਡੀ ਗਿਣਤੀ ‘ਚ ਰੁੱਖ ਕੱਟ ਦਿੱਤੇ ਗਏ ਹਨ ਤੇ ਉਹਨਾਂ ਦੀ ਥਾਂ ‘ਤੇ ਨਵੇਂ ਰੁੱਖ ਬਹੁਤ ਘੱਟ ਲਾਏ ਗਏ ਹਨ। ਰੁੱਖ ਲਾਉਣ ਨਾਲ ਸ਼ਹਿਰ ਨੂੰ ਵਾਤਾਵਰਣ ਬਦਲਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।”

ਪਿਛਲੇ 38 ਮਹੀਨਿਆਂ ਅੰਦਰ ਈਕੋਸਿੱਖ ਵੱਲੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਗਏ ਹਨ। ਕੁਝ ਜੰਗਲ ਅਮ੍ਰਿੰਤਸਰ ਵਿਖੇ ਵੀ ਲਾਏ ਗਏ ਹਨ, ਜਿਹਨਾਂ ਦੀ ਜੀਵਨ ਦਰ 99 ਫੀਸਦੀ ਹੈ। ਇਹਨਾਂ ਜੰਗਲਾਂ ਵਿੱਚ ਘਰੇਲੂ ਪ੍ਰਜਾਤੀਆਂ ਦੇ ਰੁੱਖ ਲਾਏ ਜਾਂਦੇ ਹਨ, ਇਹ ਜੰਗਲ ਜਿੱਥੇ ਜੀਅ-ਜੰਤੂਆਂ ਲਈ ਰੈਣ ਬਸੇਰਾ ਬਣਦੇ ਹਨ, ਉੱਥੇ ਹੀ ਇਹ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਚੁੱਕਦੇ ਹਨ। ਈਕੋਸਿੱਖ ਵੱਲੋਂ 2012 ਤੋਂ 2017 ਤੱਕ ਈਕੋ-ਅੰਮ੍ਰਿਤਸਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਲਈ ਜਾਗਰੁਕਤਾ ਲਿਆਉਣ ਦਾ ਕਾਰਜ ਕੀਤਾ ਗਿਆ।

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।’