‘ਦ ਖ਼ਾਲਸ ਬਿਊਰੋ :ਸੰਨ 2009 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਸ਼ੁਰੂ ਹੋਈ ਈਕੋਸਿੱਖ ਸੰਸਥਾ ਨੇ ਜੰਗਲ ਉਗਾਉਣ ਦੀ ਸਿਖਲਾਈ ਵੀਡਿਓ ਦੇ ਨਾਲ-ਨਾਲ ਆਪਣੀ 3 ਸਾਲਾ ਰਿਪੋਰਟ ਜਾਰੀ ਕੀਤੀ। ਉਹਨਾਂ ਅਨੁਸਾਰ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾ ਚੁੱਕੇ ਹਨ। ਇਹਨਾਂ ਜੰਗਲਾਂ ਵਿੱਚ ਪੰਜਾਬ ਦੀਆਂ ਰਵਾਇਤੀ ਪ੍ਰਜਾਤੀਆਂ ਦੇ ਰੁੱਖਾਂ ਦੇ ਜੰਗਲ ਲਗਾਏ ਜਾਂਦੇ ਹਨ। ਪੰਛੀਆਂ ਅਤੇ ਜੀਅ ਜੰਤੂਆਂ ਦਾ ਰੈਣ ਬਸੇਰਾ ਬਣਦੇ ਇਹ ਜੰਗਲ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਵੀ ਕਰਦੇ ਹਨ।
ਇਕੋ ਸਿੱਖ ਸੰਸਥਾ ਦੇ ਸੰਸਥਾਪਕ ਅਤੇ ਗਲੋਬਲ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਆਲਮੀ ਤਪਸ਼ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਗੁਰੂ ਪਵਿੱਤਰ ਜੰਗਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ 1 ਤੋਂ ਲੈ ਕੇ 400 ਜੰਗਲ ਲਾਉਣ ਦਾ ਇਹ ਸਫਰ ਕਈ ਚੁਣੌਤੀਆਂ ਅਤੇ ਚੰਗੇ ਨਾਲ ਭਰਪੂਰ ਰਿਹਾ ਹੈ।
ਈਕੋ ਸਿੱਖ ਇੰਡੀਆ ਦੇ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਅਨੁਸਾਰ ਪੰਜਾਬ ਸਮੇਤ ਭਾਰਤ ਵਿਚ ਵੱਖ-ਵੱਖ ਸੂਬਿਆਂ ਵਿੱਚ ਇਸ ਲਹਿਰ ਨੂੰ ਜਾਰੀ ਰੱਖਣ ਲਈ ਅਫੌਰਸਟ ਇੰਸਟੀਚਿਊਟ ਨੇ ਈਕੋ ਸਿੱਖ ਟੀਮ ਨੂੰ ਸਿਖਲਾਈ ਦੇਣ ਵਿੱਚ ਇਕ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸੰਸਥਾ ਦੇ ਰੂਪ ਵਿੱਚ ਅਸੀਂ ਜੰਗਲ ਲਾਉਣ ਦੀ ਕਲਾ ਨੂੰ ਸਾਰਿਆਂ ਲਈ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੇ ਤਹਿਤ ਇੰਡਸਟ੍ਰੀਅਲ ਫਾਰੈਸਟ ਦੀ ਇਕ ਨਵੀਂ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਵਿੱਚ ਵੱਡੇ ਉਦਯੋਗ ਅਤੇ ਕਾਰਪੋਰੇਟ ਗਰੁੱਪ ਸਸਤੀ ਕੀਮਤ ਅਤੇ ਘੱਟ ਥਾਂ ਵਿੱਚ ਨਿਵੇਸ਼ ਨਾਲ ਆਪਣੀ ਕਾਰਬਨ ਉਪਜ ਨੂੰ ਬੇਹੱਦ ਘੱਟ ਕਰ ਸਕਦੇ ਹਨ।
ਗੁਰੂ ਨਾਨਕ ਪਵਿੱਤਰ ਜੰਗਲ ਪ੍ਰੋਜੈਕਟ ਦੇ ਕਨਵੀਨਰ ਸ. ਚਰਨ ਸਿੰਘ ਨੇ ਇਸ ਸਬੰਧ ਵਿੱਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 10 ਲੱਖ ਦਰਖਤ ਲਾਉਣ ਦਾ ਉਪਰਾਲਾ ਸਮੇਂ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਅੱਜ ਅਸੀਂ ਇਸ ਟੀਚੇ ਲਈ ਵਚਨਬੱਧ ਹਾਂ ।ਉਨ੍ਹਾਂ ਨੇ ਕਿਹਾ ਕਿ ਸਾਨੂੰ ਵਾਤਾਵਰਣ ਤੋਂ ਕਾਰਬਨ ਹਟਾਉਣ ਦੀ ਜ਼ਰੂਰਤ ਹੈ। ਇਹ ਪਵਿੱਤਰ ਜੰਗਲ ਕਾਰਬਨ ਨੂੰ ਸੋਖਦੇ ਹਨ ਅਤੇ ਉਨਾਂ ਖੇਤਰਾਂ ਵਿਚ ਤਾਪਮਾਨ ਨੂੰ 5 ਡਿਗਰੀ ਤੱਕ ਘੱਟ ਕਰਨ ਵਿਚ ਸਾਡੀ ਵਿਆਪਕ ਮਦਦ ਕਰਨਗੇ।
ਈਕੋਸਿਖ ਦੀ ਆਪਣੀ ਪਲਾਂਟ ਨਰਸਰੀ ਸੱਜਣ ਪ੍ਰਿਸਿਜਿਨ ਕਾਸਟਿੰਗਸ, ਸਾਹਨੇਵਾਲ ਵਿਚ ਸਥਿਤ ਹੈ ਅਤੇ ਸੰਸਥਾ ਮੀਆਵਾਕੀ ਵਿਧੀ ਰਾਹੀਂ ਜੰਗਲ ਲਾਉਣ ਵਾਲੇ ਮਾਹਿਰਾਂ ਦੀ ਇਕ ਪੂਰੀ ਟੀਮ ਹੈ। ਈਕੋਸਿਖ ਨੇ ਏਂਜਲਜ਼ ਵੈਲੀ ਸਕੂਲ, ਰਾਜਪੁਰਾ ਵਿੱਚ 11,000 ਅਤੇ ਸਾਇੰਸ ਕਾਲਜ ਜਗਰਾਉਂ ਵਿੱਚ ਇਕ ਏਕੜ ਜਮੀਨ ਵਿਚ 10,000 ਦਰਖਤ ਲਗਾ ਕੇ ਪੰਜਾਬ ਵਿੱਚ ਆਪਣੀ ਸਭ ਤੋਂ ਵੱਡੀ ਯੋਜਨਾ ਨੂੰ ਸਾਕਾਰ ਕੀਤਾ ਹੈ।
ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ, ਸੱਜਣ ਪ੍ਰਿਸਿਜਨ ਕਾਸਟਿੰਗ ਲੁਧਿਆਣਾ ਦੇ ਗੁਰਵਿੰਦਰ ਪਾਲ ਸਿੰਘ, ਟੀਕੇ ਸਟੀਲਜ਼ ਲੁਧਿਆਣਾ ਦੇ ਲੋਕੇਸ਼ ਜੈਨ, ਏਂਜਲਜ਼ ਵੈਲੀ ਸਕੂਲ ਰਾਜਪੁਰਾ ਦੇ ਸੰਦੀਪ ਮਹਿਤਾ ਅਤੇ ਇਨੋਵੇਟਿਵ ਫਾਇਨੈਂਸ਼ੀਅਲ ਮੈਨੈਜਮੈਂਟ ਚੰਡੀਗੜ੍ਹ ਦੇ ਇਕਬਾਲ ਸਿੰਘ ਨੇ ਉਦਯੋਗਪਤੀਆਂ ਦੇ ਨੈਟਵਰਕ ਦੇ ਬਾਰੇ ਵਿੱਚ ਆਪਣੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ। ਇਹਨਾਂ ਯੋਜਨਾਵਾਂ ਦੇ ਤਹਿਤ ਪੰਜਾਬ ਅਤੇ ਚੰਡੀਗੜ੍ਹ ਆਉਣ ਵਾਲੇ ਸਾਲਾਂ ਵਿਚ 10 ਲੱਖ ਰੁੱਖ ਲਾਏ ਜਾਣਗੇ।
ਈਕੋਸਿਖ ਦੀ ਸਥਾਪਨਾ 2009 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਕੀਤੀ ਗਈ ਸੀ। ਹਾਲ ਹੀ ਵਿੱਚ ਈਕੋਸਿਖ ਨੇ ਪੋਪ ਵੱਲੋਂ ਸੱਦੇ ਗਏ ਵੈਟੀਕਨ ਇੰਟਰਫੇਥ ਅਤੇ ਗਲਾਸਗੋ ਸੀਓਪੀ26 ਵਿੱਚ ਅਗਵਾਈ ਕੀਤੀ। ਇਸ ਨੂੰ ਵਾਈਟ ਹਾਊਸ, ਸੰਯੁਕਤ ਰਾਸ਼ਟਰ ਵੱਲੋਂ ਸੱਦਾ ਦਿੱਤਾ ਜਾ ਚੁੱਕਾ ਹੈ ਅਤੇ ਈਕੋਸਿਖ ਵਰਲਡ ਇਕੋਨੋਮਿਕਸ ਫੋਰਮ ਨਾਲ ਵੀ ਕੰਮ ਕਰ ਰਿਹਾ ਹੈ।