India

ਅੱਜ ਸਵੇਰੇ ਪੰਜਾਬ ਦੇ ਗੁਆਂਢੀ ਸੂਬੇ ‘ਚ ਹਿੱਲੀ ਧਰਤੀ

Earthquake shocks felt in Himachal Pradesh

ਹਿਮਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੂਬੇ ਦੇ ਮੰਡੀ ਜ਼ਿਲੇ ‘ਚ ਸ਼ਨੀਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੰਡੀ ਜ਼ਿਲੇ ਦੇ ਸੁੰਦਰਨਗਰ ਨੇੜੇ ਨਲੂ ਨਾਮਕ ਸਥਾਨ ਭੂਚਾਲ ਦਾ ਕੇਂਦਰ ਰਿਹਾ ਹੈ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਆਦਾਤਰ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਕੀਤੇ ਹਨ। ਹਾਲਾਂਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਭੂਚਾਲ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਜਾਣਕਾਰੀ ਮੁਤਾਬਿਕ ਇਹ ਭੂਚਾਲ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ‘ਚ ਮਹਿਸੂਸ ਕੀਤਾ ਗਿਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.80 ਸੀ ਅਤੇ ਭੂਚਾਲ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਇਸ ਦੇ ਨਾਲ ਹੀ ਕਰੀਬ 44 ਕਿਲੋਮੀਟਰ ਦੇ ਦਾਇਰੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸ਼ਨੀਵਾਰ ਸਵੇਰੇ 5:51 ਵਜੇ ਧਰਤੀ ਹਿੱਲ ਗਈ।

ਪਿਛਲੇ 14 ਦਿਨਾਂ ਵਿੱਚ ਹਿਮਾਚਲ ਵਿੱਚ ਚੌਥੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਕਾਗੰਡਾ, 21 ਦਸੰਬਰ ਨੂੰ ਲਾਹੌਲ ਸਪਿਤੀ ਅਤੇ 16 ਦਸੰਬਰ ਨੂੰ ਕਿਨੌਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹਾਲਾਂਕਿ, ਤੀਬਰਤਾ ਬਹੁਤ ਘੱਟ ਸੀ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 1905 ‘ਚ ਹਿਮਾਚਲ ‘ਚ ਕਾਂਗੜਾ ‘ਚ ਵੱਡਾ ਭੂਚਾਲ ਆਇਆ ਸੀ। ਇਸ ਤੋਂ ਬਾਅਦ 1975 ਵਿੱਚ ਕਿਨੌਰ ਵਿੱਚ ਆਏ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਸੀ। ਹਿਮਾਚਲ ਵਿੱਚ ਸਭ ਤੋਂ ਵੱਧ ਭੂਚਾਲ ਦੇ ਝਟਕੇ ਮੰਡੀ, ਸ਼ਿਮਲਾ, ਚੰਬਾ ਜ਼ਿਲ੍ਹਿਆਂ ਵਿੱਚ ਹਨ।