ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਸਿਲਸਿਲੇ ‘ਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਰੂਪਨਗਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 3.2 ਸੀ। ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਲਾ ਦੇ ਝਟਕੇ 1:13 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿੱਲੋਮੀਟਰ ਹੇਠਾਂ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ‘ਚ ਵੀ ਕੁਝ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਮੰਗਲਵਾਰ ਸ਼ਾਮ 6.52 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 3.5 ਸੀ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਸ਼ਾਮ 6.52 ਵਜੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਅਯੁੱਧਿਆ ਤੋਂ 215 ਕਿੱਲੋਮੀਟਰ ਉੱਤਰ ਵਿੱਚ 10 ਕਿੱਲੋਮੀਟਰ ਦੀ ਡੂੰਘਾਈ ਵਿੱਚ ਸੀ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੋਮਵਾਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ 5.6 ਤੀਬਰਤਾ ਦਾ ਭੂਚਾਲ ਆਇਆ ਸੀ। ਹਾਲਾਂਕਿ ਇਸ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਇੱਥੋਂ ਦੇ ਆਫ਼ਤ ਪ੍ਰਬੰਧਨ ਦਫ਼ਤਰ ਨੇ ਕਿਹਾ ਸੀ ਕਿ ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ ਅਤੇ ਸ਼ਾਮ 4.17 ਵਜੇ ਜ਼ਿਲ੍ਹੇ ਦੇ ਧਾਰਚੂਲਾ, ਦੀਦੀਹਾਟ ਅਤੇ ਬੰਗਾਪਾਨੀ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲ ਹੀ ‘ਚ ਨੇਪਾਲ ‘ਚ 6.4 ਤੀਬਰਤਾ ਦੇ ਭੂਚਾਲ ਕਾਰਨ ਘੱਟੋ-ਘੱਟ 157 ਲੋਕਾਂ ਦੀ ਮੌਤ ਹੋ ਗਈ ਸੀ ਅਤੇ 160 ਤੋਂ ਵੱਧ ਜ਼ਖ਼ਮੀ ਹੋ ਗਏ ਸਨ।