International

ਅਫ਼ਗਾਨਿਸਤਾਨ ‘ਚ ਭੂਚਾਲ ਨਾਲ ਢਾਈ ਸੌ ਜਾਨਾਂ ਗਈਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੂਰਬੀ ਅਫਗਾਨਿਸਤਾਨ ‘ਚ ਅੱਜ ਤੜਕੇ 6.1 ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 255 ਲੋਕਾਂ ਦੀ ਮੌਤ ਹੋ ਗਈ ਹੈ। ਬਦਕਿਮਸਤੀ ਨਾਲ ਮੌਤਾਂ ਦਾ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ 500 ਲੋਕ ਜ਼ਖਮੀ ਹੋਏ ਹਨ। ਡਿਜ਼ਾਸਟਰ ਮੈਨੇਜਮੈਂਟ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਯੂਰਪੀਅਨ ਮੈਡੀਟ੍ਰੇਨੀਅਨ ਸਿਸਮੋਲੋਜੀਕਲ ਸੈਂਟਰ ਮੁਤਾਬਰ ਭੂਚਾਲ ਦੇ ਝਟਕੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿੱਚ 500 ਕਿਲੋਮੀਟਰ ਦੇ ਘੇਰੇ ਦੇ ਅੰਦਰ ਮਹਿਸੂਸ ਕੀਤੇ ਗਏ।

ਯੂ.ਐੱਸ. ਜਿਓਲਾਜੀਕਲ ਸਰਵੇਅ ਮੁਤਾਬਕ, ਭੂਚਾਲ ਦਾ ਕੇਂਦਰ ਅਫਗਾਸਿਤਾਨ ਦੇ ਖੋਸਤ ਸ਼ਹਿਰ ਤੋਂ ਲਗਭਗ 44 ਕਿਲੋਮੀਟਰ ਦੂਰ ਸੀ ਤੇ 51 ਕਿਲੋਮੀਟਰ ਡੂੰਘਾਈ ਵਿੱਚ ਸੀ। ਇਹ ਭੂਚਾਲ ਇੰਨਾ ਤੇਜ਼ ਸੀ ਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਲਾਹੌਰ, ਮੁਲਤਾਨ, ਕਵੇਟਾ ਵਿੱਚ ਵੀ ਲੋਕਾਂ ਨੂੰ ਭੂਚਾਲ ਝਟਕੇ ਮਹਿਸੂਸ ਹੋਏ।

ਪਾਕਿਸਤਾਨ ਵਿੱਚ ਵੀ 6.1 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਉਥੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ ‘ਚ ਬੁੱਧਵਾਰ ਤੜਕੇ 6.1 ਤੀਬਰਤਾ ਦਾ ਭੂਚਾਲ ਆਇਆ। ਇਸਲਾਮਾਬਾਦ, ਮੁਲਤਾਨ, ਭਾਕਰ, ਫਲੀਆ, ਪੇਸ਼ਾਵਰ, ਮਲਕੰਦ, ਸਵਾਤ, ਮੀਆਂਵਾਲੀ, ਪਾਕਪਟਨ ਅਤੇ ਬੁਨੇਰ ਸਣੇ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਲ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਮਲੇਸ਼ੀਆ ਦੇ ਕੁਝ ਹਿੱਸਿਆਂ ਵਿੱਚ 5.1 ਤੀਬਰਤਾ ਦਾ ਭੂਚਾਲ ਵੀ ਆਇਆ। ਭੂਚਾਲ ਦਾ ਕੇਂਦਰ ਰਾਜਧਾਨੀ ਕੁਆਲਾਲੰਪੁਰ ਤੋਂ 561 ਕਿਲੋਮੀਟਰ ਪੱਛਮ ਵੱਲ ਸੀ।

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰਾ ਕਰਤੇ ਪ੍ਰਵਾਨ ਵਿਖੇ ਪਿਛਲੇ ਦਿਨੀਂ ਹੋਏ ਇੱਕ ਧਮਾਕੇ ਨਾਲ ਦਹਿਲੇ ਹੋਏ ਲੋਕ ਹਾਲੇ ਸਦਮੇ ਵਿੱਚੋਂ ਬਾਹਰ ਨਹੀਂ ਸੀ ਆਏ ਕਿ ਇੱਕ ਨਵੀਂ ਕੁਦਰਤੀ ਆਫ਼ਤ ਆ ਡਿੱਗੀ ਹੈ। ਇਸ ਹਮਲੇ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਸਿੱਖ ਦੇ ਘਰ ਵਿੱਚ ਸੁਰੱਖਿਅਤ ਸੁਭਾਇਮਾਨ ਕੀਤਾ ਗਿਆ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਹਾਲਤ ਧਮਾਕੇ ਕਰਕੇ ਕਾਫ਼ੀ ਖਸਤੀ ਹੋ ਗਈ ਸੀ। ਉੱਥੇ ਵੱਸਦੇ ਸਿੱਖ ਅਤੇ ਹਿੰਦੂ ਭਾਰਤ ਆਉਣ ਲਈ ਕਾਹਲੇ ਪਏ ਹੋਏ ਹਨ। ਭਾਰਤ ਸਰਕਾਰ ਨੇ 100 ਤੋਂ ਵੱਧ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਈ-ਵੀਜ਼ਾ ਜਾਰੀ ਕਰ ਦਿੱਤੇ ਸਨ। ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਅਫ਼ਗਾਨਿਸਤਾਨ ਵਿੱਚ ਵੱਸਦੇ ਸਿੱਖਾਂ ਵਿੱਚੋਂ ਭਾਰਤ ਆਉਣ ਦੇ ਚਾਹਵਾਨਾਂ ਦਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਚੁੱਕਣ ਦਾ ਐਲਾਨ ਕਰ ਦਿੱਤਾ ਸੀ।