ਦਿੱਲੀ : ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਧਰਤੀ ਕੰਬ ਗਈ। ਇੱਕ ਮਹੀਨੇ ਵਿੱਚ ਚੌਥੀ ਵਾਰ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਵਿੱਚੋਂ 2 ਵਾਰ ਕੇਂਦਰ ਜੰਮੂ ਕਸ਼ਮੀਰ ਅਤੇ ਇੱਕ ਵਾਰ ਲੇਹ ਲੱਦਾਖ ਸੀ। ਇਸ ਵਾਰ ਕੇਂਦਰ ਹਰਿਆਣਾ ਦਾ ਰੋਹਤਕ ਰਿਹਾ ਹੈ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲਿਆ।
ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਇਸ ਭੂਚਾਲ ਦੀ ਤੀਬਰਤਾ 3.2 ਸੀ। ਇਹ ਭੂਚਾਲ ਸਵੇਰੇ 3.57 ਵਜੇ ਮਹਿਸੂਸ ਕੀਤਾ ਗਿਆ। ਜਿਸ ਦਾ ਅਕਸ਼ਾਂਸ਼ 29.12, ਲੰਬਕਾਰ 76.35 ਅਤੇ ਡੂੰਘਾਈ 10 ਕਿਲੋਮੀਟਰ ਸੀ। ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਟਰ ਉੱਤਰ-ਪੱਛਮ ਵੱਲ ਸੀ। ਭੂਚਾਲ ਦੇ ਝਟਕੇ ਸਵੇਰੇ ਉਦੋਂ ਆਏ, ਜਦੋਂ ਲੋਕ ਸੁੱਤੇ ਪਏ ਸਨ। ਜੇਕਰ ਇਸ ਦੀ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।
ਨੈਸ਼ਨਲ ਸੈਂਟਰ ਆਫ ਸਿਸਮੋਲਾਜੀ ਇੰਡੀਆ ਮੁਤਾਬਕ ਭੂਚਾਲ 6 ਦਿਨ ਪਹਿਲਾਂ ਐਤਵਾਰ ਤੜਕੇ 3.50 ਵਜੇ ਆਇਆ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.1 ਮਾਪੀ ਗਈ। ਇਸਦਾ ਕੇਂਦਰ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿੱਚ, ਅਕਸ਼ਾਂਸ਼ 42.96 ਅਤੇ ਲੰਬਕਾਰ 75.79 ਉੱਤੇ ਜ਼ਮੀਨ ਤੋਂ 11 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ 13 ਜੂਨ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦਾ ਕੇਂਦਰ ਜੰਮੂ-ਕਸ਼ਮੀਰ ਦਾ ਡੋਡਾ ਸੀ। ਇਸ ਦੀ ਤੀਬਰਤਾ 5.4 ਸੀ ਅਤੇ ਪੂਰਾ ਉੱਤਰੀ ਭਾਰਤ ਕੰਬ ਰਿਹਾ ਸੀ।
ਭੂਚਾਲ ਮਾਹਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਹੇਠਾਂ ਪਲੇਟਾਂ ਵਿੱਚ ਹਿਲਜੁਲ ਹੋਣ ਕਾਰਨ ਕੁਝ ਸਮੇਂ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇੱਕ ਵਾਰ ਪਲੇਟਾਂ ਦੀ ਸਥਿਤੀ ਬਦਲਣ ਤੋਂ ਬਾਅਦ ਵਾਰ-ਵਾਰ ਭੂਚਾਲ ਆਉਣਾ ਸੁਭਾਵਿਕ ਹੈ।
ਭੂਚਾਲ ਦੇ ਝਟਕੇ ਤਿੰਨ ਮਹੀਨੇ ਪਹਿਲਾਂ ਵੀ ਮਹਿਸੂਸ ਕੀਤੇ ਗਏ ਸਨ
3 ਮਹੀਨੇ ਪਹਿਲਾਂ 21 ਮਾਰਚ ਨੂੰ ਰਾਤ ਕਰੀਬ 10.15 ਵਜੇ ਦਿੱਲੀ-ਐਨਸੀਆਰ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਝਟਕੇ ਯੂਪੀ, ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਬਿਹਾਰ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 156 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।