India International

ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ ਹੋਇਆ ਰਿਕਾਰਡ ਵਾਧਾ,ਸਰਕਾਰ ਨੇ ਹੋਰ ਪ੍ਰਵਾਸੀ ਸੱਦਣ ਦੀ ਭਰੀ ਹਾਮੀ

ਓਟਾਵਾ: ਬੀਤੇ ਸਾਲ 2022 ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਹੈ। ਇਹ ਤਕਰੀਬਨ ਸਾਰਾ ਹੀ ਵਾਧਾ ਪਰਵਾਸੀਆਂ ਅਤੇ ਅਸਥਾਈ ਨਿਵਾਸੀਆਂ ਦੇ ਵਾਧੇ ਕਾਰਨ ਦਰਜ ਕੀਤਾ ਗਿਆ ਹੈ।ਇਹ ਦਾਅਵਾ ਕੈਨੇਡਾ ਦੀ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ ਨੇ ਕੀਤਾ ਹੈ।

ਏਜੰਸੀ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਤੱਕ, ਪਿਛਲੇ ਸਾਲ ਦੇ 12 ਮਹੀਨਿਆਂ ਵਿਚ ਕੈਨੇਡਾ ਦੀ ਆਬਾਦੀ ਵਿਚ 1.05 ਮਿਲੀਅਨ ਵਾਧਾ ਹੋਇਆ ਅਤੇ ਕੁਲ ਆਬਾਦੀ 39.57 ਮਿਲੀਅਨ ਦਰਜ ਹੋਈ। ਇਸ ਵਾਧੇ ਦਾ ਕਰੀਬ 96% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ।

ਕੈਨੇਡਾ ਦੇ ਜੀ-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਮੁਲਕ ਵੱਜੋਂ ਬਰਕਰਾਰ ਰਹਿਣ ਪਿਛੇ ਇਸ ਵਾਧੇ ਦਾ ਹੱਥ ਦੱਸਿਆ ਗਿਆ ਹੈ। ਕੈਨੇਡਾ ਦੀ ਇਸ ਵੇਲੇ ਦੀ ਆਬਾਦੀ ਦੇ ਵੱਧਣ ਦੀ ਦਰਜ ਹੋਈ ਦਰ 2.7 % ਦੇ ਹਿਸਾਬ ਨਾਲ ਆਉਂਦੇ ਕਰੀਬ 26 ਸਾਲਾਂ ਵਿਚ ਮੁਲਕ ਦੀ ਆਬਾਦੀ ਦੇ ਦੁੱਗਣੇ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

ਮੁਲਕ ਦੀ ਆਰਥਿਕਤਾ ਨੂੰ ਚਲਦਾ ਰੱਖਣ ਅਤੇ ਵੱਧਦੀ ਵਸੋਂ ਦੀ ਸਮੱਸਿਆ ਨਾਲ ਨਜਿੱਠਣ ਲਈ, ਕੈਨੇਡਾ ਨੂੰ ਹੋਰ ਪ੍ਰਵਾਸੀਆਂ ਦੀ ਜ਼ਰੂਰਤ ਹੈ ਅਤੇ 2015 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕਾਫ਼ੀ ਹੁਲਾਰਾ ਦਿੱਤਾ ਹੈ।

ਦੁਨਿਆ ਦੇ ਸੰਕਟ ਪ੍ਰਭਾਵਿਤ ਮੁਲਕਾਂ ਜਿਵੇਂ ਯੂਕਰੇਨ, ਅਫ਼ਗ਼ਾਨਿਸਤਾਨ, ਤੁਰਕੀ ਅਤੇ ਸੀਰੀਆ ਤੋਂ ਵੀ ਲੋਕਾਂ ਨੂੰ ਕੈਨੇਡਾ ਵਿਚ ਅਸਥਾਈ ਤੌਰ ‘ਤੇ ਸੈਟਲ ਕਰਨ ਲਈ ਕੈਨੇਡਾ ਸਰਕਾਰ ਖਾਸ ਪਹਿਲਕਦਮੀਆਂ ਕਰ ਰਹੀ ਹੈ।ਬੀਤੇ ਦਿਨ ਕੈਨੇਡਾ ਨੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਨੂੰ ਵਧਾਉਣ ਦਾ ਐਲਾਨ ਕੀਤਾ ਹੈ।ਯੂਕਰੇਨੀਅਨਾਂ ਕੋਲ ਹੁਣ ਕੈਨੇਡਾ-ਯੂਕਰੇਨ ਔਥਰਾਈਜ਼ੇਸ਼ਨ ਫ਼ੌਰ ਐਮਰਜੈਂਸੀ ਟ੍ਰੈਵਲ  (ਨਵੀਂ ਵਿੰਡੋ)(CAUET) ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 15 ਜੁਲਾਈ, 2023 ਤੱਕ ਦਾ ਸਮਾਂ ਹੋਵੇਗਾ। ਇਸ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੂਕਰੇਨੀ ਨਾਗਰਿਕ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਭਾਵੇਂ ਉਹਨਾਂ ਦੀ ਕੋਈ ਵੀ ਨਾਗਰਿਕਤਾ ਹੋਵੇ, ਤਿੰਨ ਸਾਲ ਤੱਕ ਕੈਨੇਡਾ ਆਕੇ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ।ਮਾਰਚ 2022 ਵਿਚ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੂੰ ਇਸ ਪ੍ਰੋਗਰਾਮ ਲਈ ਕਰੀਬ ਇੱਕ ਮਿਲੀਅਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਅਤੇ ਉਨ੍ਹਾਂ ਵਿਚੋਂ 616,429 ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਸੰਨ 2022 ਦੌਰਾਨ ਕੈਨੇਡਾ ਵਿੱਚ 437,180 ਪਰਵਾਸੀ ਨੂੰ ਦਾਖਲਾ ਮਿਲਿਆ ਤੇ ਅਜਿਹਾ ਲੋਕਾਂ ਦੀ ਗਿਣਤੀ 607,782 ਦਰਜ ਕੀਤੀ ਗਈ,ਜਿਹਨਾਂ ਦੇ ਕੋਲ ਪੀ-ਆਰ ਨਹੀਂ ਸੀ ਪਰ ਨਾਲ ਹੀ ਏਜੰਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਪਰਵਾਸ ਵਿਚ ਵਾਧਾ ਮੁਲਕ ਦੇ ਕੁਝ ਇਲਾਕਿਆਂ ਵਿਚ ਹਾਊਸਿੰਗ, ਟ੍ਰਾਂਸਪੋਰਟੇਸ਼ਨ ਅਤੇ ਹੋਰ ਸੇਵਾਵਾਂ ਲਈ ਵਾਧੂ ਚੁਣੌਤੀਆਂ ਵੀ ਪੈਦਾ ਕਰ ਸਕਦਾ ਹੈ ਪਰ ਫਿਰ ਵੀ ਕੈਨੇਡਾ ਦੀ ਆਰਥਿਕਤਾ ਨੂੰ ਹੋਰ ਹੁਲਾਰੇ ਦੇਣ ਲਈ ਪਿਛਲੇ ਸਾਲ ਨਵੰਬਰ ਮਹੀਨੇ ਸਰਕਾਰ ਨੇ 2025 ਤੱਕ ਹਰ ਸਾਲ 500,000 ਪਰਵਾਸੀਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ।