ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਰੋਟੀਆਂ ਦੀ ਖਰੀਦ, ਠੇਕੇ ਅਤੇ ਭੇਟਾ-ਚੌਲ ਆਦਿ ਦਾ ਇਹ ਘਪਲਾ ਸਾਹਮਣੇ ਆਇਆ ਸੀ। ਜਦੋਂ ਜਾਂਚ ਸ਼ੁਰੂ ਹੋਈ ਤਾਂ ਇਹ ਘਪਲਾ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ। । ਅਪ੍ਰੈਲ 2019 ਤੋਂ ਦਸੰਬਰ 2022 ਤੱਕ ਲੰਗਰ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿੱਕਰੀ, ਮਾਂਹ ਤੇ ਝੋਨੇ, ਚੋਕਰ ਰੂਲਾ ਚੜ੍ਹਾਵੇ ਦੀ ਕੀਤੀ ਗਈ ਨਿਲਾਮੀ ਅਤੇ ਵਿੱਕਰੀ ਵਿੱਚ ਤਕਰੀਬਨ ਇੱਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ । ਇਸ ਦੀ ਹੁਣ ਵੀ ਪੜਤਾਲ ਚੱਲ ਰਹੀ ਹੈ।
ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਦਿਆਂ ਸ਼੍ਰੋਮਣੀ ਕਮੇਟੀ ‘ਤੇ ਤੰਜ ਕੱਸਿਆ ਹੈ । ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਅਗਰ ਮੈਂ ਬੋਲੂੰਗਾਂ ਤੋ ਬੋਲੋਗੇ ਕੇ ਬੋਲਤਾ ਹੈ,,,,,,,,ਕੀ ਬੋਲੀਏ ਆਪਣਾ ਝੁੱਗਾ ਚੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦੈ..ਬਾਕੀ ਪ੍ਰਧਾਨ ਜੀ ਦੱਸਣਗੇ ..ਸੱਚੇ ਦਰਬਾਰ ਦੀ ਜੂਠ ਦਾ ਘਪਲਾ.??”
ਅਗਰ ਮੈਂ ਬੋਲੂੰਗਾਂ ਤੋ ਬੋਲੋਗੇ ਕੇ ਬੋਲਤਾ ਹੈ
…ਕੀ ਬੋਲੀਏ ਆਪਣਾ ਝੁੱਗਾ ਚੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦੈ..ਬਾਕੀ ਪ੍ਰਧਾਨ ਜੀ ਦੱਸਣਗੇ ..ਸੱਚੇ ਦਰਬਾਰ ਦੀ ਜੂਠ ਦਾ ਘਪਲਾ.?? pic.twitter.com/id0oVLkJSB— Bhagwant Mann (@BhagwantMann) July 1, 2023
ਇਸ ਬਾਰੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਦਿਆਂ ਕਿਹਾ ਕਿ, “ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ 2019 ‘ਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦਾ ਸੱਚ ਸੰਗਤ ਸਾਹਮਣੇ ਪਾਰਦਰਸ਼ਤਾ ਨਾਲ ਰੱਖਿਆ ਜਾਵੇਗਾ। ਇਸ ਦੀ ਜਾਂਚ ਜਾਰੀ ਹੈ। ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੰਗਰ ‘ਚ ਇਹ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਫਲਾਇੰਗ ਵਿਭਾਗ ਦੀ ਟੀਮ ਨੇ ਲੱਭੀਆਂ ਹਨ, ਜਿਸ ਦੀ ਮੁਕੰਮਲ ਜਾਂਚ ਜਾਰੀ ਹੈ।”
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ 2019 'ਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦਾ ਸੱਚ ਸੰਗਤ ਸਾਹਮਣੇ ਪਾਰਦਰਸ਼ਤਾ ਨਾਲ ਰੱਖਿਆ ਜਾਵੇਗਾ। ਇਸ ਦੀ ਜਾਂਚ ਜਾਰੀ ਹੈ। ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
— Harjinder Singh Dhami (@SGPCPresident) July 1, 2023
ਜ਼ਿਕਰਜੋਗ ਹੈ ਕਿ SGPC ਦੇ ਫਲਾਇੰਗ ਵਿਭਾਗ ਵੱਲੋਂ 2 ਸਟੋਰਕੀਪਰਾਂ ਨੂੰ ਸਸਪੈਂਡ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ ਸਨ । ਪਰ ਹੁਣ ਤੱਕ ਕੋਈ ਵੀ ਰਕਮ ਨਾ ਜਮ੍ਹਾ ਕਰਵਾਉਣ ਤੋਂ ਬਾਅਦ ਹੁਣ ਕਮੇਟੀ ਵੱਲੋਂ ਘੁਟਾਲੇ ਦੇ ਸਮੇਂ ਦੌਰਾਨ ਜਿੰਨੇ ਵੀ ਮੈਨੇਜਰ ਨੇ ਵਾਊਚਰਾਂ ‘ਤੇ ਹਸਤਾਖ਼ਰ ਕੀਤੇ ਹਨ ਉਨ੍ਹਾਂ ਸਾਰੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਕਮੇਟੀ ਵੱਲੋਂ ਦਿੱਤੇ ਗਏ ਹਨ,ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਬਣਦੀ ਰਕਮ ਜਲਦ ਤੋਂ ਜਲਦ ਜਮਾ ਕਰਵਾਈ ਜਾਵੇ ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਇਸ ਪੂਰੇ ਘੁਟਾਲੇ ਵਿੱਚ ਮੈਨੇਜਰ,ਸੁਪਰਵਾਈਜ਼ਰ,ਸਟੋਰਕੀਪਰ ਜ਼ਿੰਮੇਵਾਰ ਹਨ । ਇਹ ਵੀ ਸਾਹਮਣੇ ਆਇਆ ਹੈ ਕਿ ਘੁਟਾਲੇ ਵਿੱਚ ਮੌਜੂਦਾ ਮੈਨੇਜਰ ਅਤੇ 3 ਰਿਟਾਇਰਡ ਮੈਨੇਜਰਾਂ ਦਾ ਨਾਂ ਵੀ ਸਾਹਮਣੇ ਆਇਆ ਹੈ। ਜਿਨ੍ਹਾਂ ਮੁਲਾਜ਼ਮਾਂ ਨੂੰ ਇਸ ਘੁਟਾਲੇ ਦਾ ਮੁਲਜ਼ਮ ਦੱਸਿਆ ਗਿਆ ਹੈ ਉਨ੍ਹਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਅਤੇ ਪੈਸੇ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਦਾ ਦਾਅਵਾ ਹੈ ਜਿਨ੍ਹਾਂ ਨੇ ਰਾਸ਼ਨ ਵਿੱਚ ਹੇਰਾ-ਫੇਰੀ ਕੀਤੀ ਹੈ ਉਨ੍ਹਾਂ ਤੋਂ ਹੀ ਵਸੂਲਿਆ ਜਾਵੇ ।
ਦੱਸ ਦੇਈਏ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਰੋਜ਼ਾਨਾ ਵੱਡੀ ਮਾਤਰਾ ਵਿੱਚ ਰੋਟੀਆਂ ਬਚ ਜਾਂਦੀਆਂ ਹਨ। ਇਨ੍ਹਾਂ ਨੂੰ ਇਕ ਥਾਂ ‘ਤੇ ਸਟੋਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਵਿਕਰੀ ਲਈ ਟੈਂਡਰ ਮੰਗੇ ਜਾਂਦੇ ਹਨ। ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲੀਭੁਗਤ ਨਾਲ ਤੈਅ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਕੇ ਟੈਂਡਰ ਦਿੱਤੇ ਅਤੇ ਟੈਂਡਰਾਂ ਵਿੱਚ ਹੇਰਾਫੇਰੀ ਕਰਕੇ ਜ਼ਿਆਦਾ ਦੱਸ ਕੇ ਰਕਮ ਹੜੱਪ ਲਈ ਗਈ।