ਫਰੀਦਕੋਟ : ਅੱਜ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਮਨਾਇਆ ਜਾ ਰਿਹਾ ਸੀ ਜਿਥੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਸਮਾਗਮ ਦੌਰਾਨ ਉਨ੍ਹਾਂ ਦੀ ਨਰਾਜ਼ਗੀ ਦਾ ਵਿਰੋਧ ਪ੍ਰਸ਼ਾਸਨ ਨੂੰ ਝੱਲਣਾ ਪਿਆ। ਜਿਨ੍ਹਾਂ ਵੱਲੋਂ ਨਰਾਜ਼ ਹੋਕੇ ਨਾ ਸਿਰਫ ਸਮਾਗਮ ਨੂੰ ਛੱਡਿਆ ਬਲਕਿ ਪ੍ਰਸਾਸ਼ਨ ਵੱਲੋਂ ਮਿਲੇ ਮਾਣ-ਸਨਮਾਨ ਨੂੰ ਵੀ ਵਾਪਸ ਕਰ ਦਿੱਤਾ ਗਿਆ।
ਇਸ ਮੌਕੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਸਮਾਗਮ ਦਾ ਸੱਦਾ ਦੇ ਤਾਂ ਦਿੱਤਾ ਜਾਂਦਾ ਹੈ ਪਰ ਜੋ ਬਣਦਾ ਸਨਮਾਨ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਦਿੱਤਾ ਜਾਂਦਾ ਨਾ ਤਾਂ ਬੈਠਣ ਲਈ ਸਹੀ ਜਗ੍ਹਾ ਦਿੱਤੀ ਜਾਂਦੀ ਹੈ ਨਾ ਹੀ ਉਨ੍ਹਾਂ ਲਈ ਕੋਈ ਵਿਵਸਥਾ ਕੀਤੀ ਜਾਂਦੀ ਹੈ ਜਦਕਿ ਦੂਜੇ ਮਹਿਮਾਨਾਂ ਲਈ ਗਰਮੀ ਕਾਰਨ ਕੂਲਰ ਲਾਗਏ ਜਾਂਦੇ ਹਨ ਪਰ ਉਨ੍ਹਾਂ ਨੂੰ ਪੱਖਾਂ ਵੀ ਨਸੀਬ ਨਹੀਂ ਹੁੰਦਾ ਨਾ ਹੀ ਕੋਈ ਚਾਹ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ।
“ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ”
ਉਨ੍ਹਾਂ ਕਿਹਾ ਕਿ ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ੁਦ ਲਈ ਵੱਡੇ ਵੱਡੇ ਪੱਖੇ ਤੇ ਕੂਲਰ ਲਗਾਏ ਹਨ ਜਦਕਿ ਉਨ੍ਹਾਂ ਲਈ ਪੂਰੇ ਪੱਖੇ ਵੀ ਨਹੀਂ ਲਾਏ ਗਏ ਤੇ ਨਾ ਚਾਹ -ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਇਹ ਸਾਡਾ ਆਦਰ ਨਹੀਂ ਨਿਰਾਦਰ ਹੈ।
ਆਦਰ ਨਹੀਂ ਨਿਰਾਦਰ ਕੀਤਾ
ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਪਰਿਵਾਰਕ ਮੈਂਬਰਾਂ ਨੇ ਦੇਸ਼ ਦੀ ਆਜ਼ਾਦੀ ਲਈ ਤਸੀਹੇ ਝੱਲੇ ਹਨ ਪਰ ਇੱਥੇ ਸਰਕਾਰ ਵੱਲੋਂ ਸਾਡਾ ਸਨਮਾਨ ਕਰਨ ਦੀ ਬਜਾਏ ਸਾਡੀ ਬੇਇਜ਼ਤੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਵੇਰੇ ਦੇ ਬੈਠੇ ਹਾਂ ਕਿਸੇ ਵੀ ਅਧਿਕਾਰੀ ਵੱਲੋਂ ਚਾਹ-ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਆਦਰ ਨਹੀਂ ਨਿਰਾਦਰ ਕੀਤਾ ਗਿਆ ਹੈ।
ਆਜ਼ਾਦੀ ਘੁਲਾਟੀ ਪਰਿਵਾਰਾਂ ਨੇ ਕੀਤੀ ਨਾਅਰੇਬਾਜ਼ੀ
ਇਸ ਮੌਕੇ ਅਧਿਕਾਰੀ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਿਚਾਲੇ ਬਹਿਸ ਵੀ ਹੋਈ। ਅਧਿਕਾਰੀਆਂ ਨੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਪਰ ਕੋਈ ਮਸਲਾ ਹੱਲ ਨਾ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਹ ਸਨਮਾਨ ਘਰ ਨਹੀਂ ਲੈ ਕੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸਨਮਾਨ ਵੀ ਉੱਥੇ ਹੀ ਸੁੱਟ ਦਿੱਤਾ।