ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵਿਖੇ ਜੀ-20 ਸਮਾਗਮਾਂ ਦੌਰਾਨ ਪੁੱਜਣ ਮੌਕੇ ਫਰਾਂਸ ਦੇ ਰਾਸ਼ਟਰਪਤੀ ਈਮੈਨੂਅਲ ਮੈਕਰੋਨ ਨਾਲ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਦੀ ਅਜ਼ਾਦਾਨਾ ਖੁੱਲ੍ਹ ਦੇਣ ਦੀ ਗੱਲ ਕਰਨ।
ਭਾਈ ਗਰੇਵਾਲ ਨੇ ਕਿਹਾ ਕਿ ਦਿੱਲੀ ਵਿਖੇ 9 ਸਤੰਬਰ ਤੋਂ ਹੋ ਰਹੇ ਜੀ-20 ਸਮਾਗਮਾਂ ਮੌਕੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਪੁੱਜ ਰਹੇ ਹਨ, ਜਿਸ ਵਿਚ ਫਰਾਂਸ ਦੇ ਰਾਸ਼ਟਰਪਤੀ ਵੀ ਸ਼ਾਮਲ ਹੋਣਗੇ। ਇਹ ਇਕ ਅਹਿਮ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਫਰਾਂਸ ਅੰਦਰ ਸਿੱਖਾਂ ਨਾਲ ਸਬੰਧਤ ਸਕੂਲਾਂ ਵਿਚ ਦਸਤਾਰ ਦੇ ਮਸਲੇ ਦੇ ਪੱਕੇ ਹੱਲ ਦੀ ਪਹਿਲਕਦਮੀ ਕਰ ਸਕਦੇ ਹਨ।
ਉਨ੍ਹਾਂ ਆਖਿਆ ਕਿ ਫਰਾਂਸ ਦੇ ਸਕੂਲਾਂ ਅੰਦਰ ਸਿੱਖ ਵਿਦਿਆਰਥੀਆਂ ਨੂੰ ਇਸ ਸਮੇਂ ਦਸਤਾਰ ਸਜਾਉਣ ਦੀ ਅਜ਼ਾਦਾਨਾ ਖੁੱਲ੍ਹ ਨਹੀਂ ਹੈ। ਸਿੱਖ ਲਈ ਦਸਤਾਰ ਇਕ ਧਾਰਮਿਕ ਚਿੰਨ੍ਹ ਅਤੇ ਪਛਾਣ ਵਜੋਂ ਲਾਜਮੀ ਹੈ, ਜਿਸ ਦੇ ਮੱਦੇਨਜ਼ਰ ਫਰਾਂਸ ਦੇ ਰਾਸ਼ਟਰਪਤੀ ਪਾਸ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦਾ ਪੱਖ ਰੱਖਣਾ ਚਾਹੀਦਾ ਹੈ। ਭਾਈ ਗਰੇਵਾਲ ਨੇ ਭਾਜਪਾ ਅੰਦਰ ਬੈਠੇ ਸਿੱਖ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਜੀਦਾ ਮਾਮਲੇ ’ਤੇ ਆਪਣੀ ਭੂਮਿਕਾ ਨਿਭਾਉਣ।