‘ਦ ਖ਼ਾਲਸ ਬਿਊਰੋ:- ਭੈਣ-ਭਰਾ ਦੇ ਪਿਆਰ ਨਾਲ ਸਬੰਧਿਤ ਰੱਖੜੀ ਦੇ ਤਿਉਹਾਰ ਮੌਕੇ ਕੋਰੋਨਾ ਨੂੰ ਧਿਆਨ ‘ਚ ਰੱਖਦੇ ਹੋਏ ਕਈ ਭੈਣਾ ਵੱਲ਼ੋਂ ਭਰਾਵਾਂ ਨੂੰ ‘ਰੱਖੜੀ’ ਡਾਕ ਰਾਹੀ ਭੇਜੀ ਗਈ। 2 ਜੁਲਾਈ ਐਤਵਾਰ ਵਾਲੇ ਦਿਨ ਡਾਕ ਵਿਭਾਗ ਦਫਤਰ ਛੁੱਟੀ ਹੋਣ ਦੇ ਬਾਵਜੂਦ ਵੀ ਖੁੱਲੇ ਰੱਖੇ ਗਏ ਅਤੇ ਡਾਕ ਕਰਮੀਆਂ ਵੱਲੋਂ ਡਾਕ ਵੀ ਵੱਡੀ ਗਈ ਜੋ ਅੱਜ ਰੱਖੜੀ ਵਾਲੇ ਦਿਨ ਵੀ ਵੱਡੀ ਜਾ ਰਹੀ ਹੈ।
ਕੋਰੋਨਾ ਦੇ ਬਾਵਜੂਦ ਰੱਖੜੀ ਤਿਉਹਾਰ ਮੌਕੇ ਦੇਸ਼ ਭਰ ਵਿੱਚ ਡਾਕ ਵਿਭਾਗਾਂ ਨੂੰ ਆਪਣੇ ਦਫਤਰਾਂ ਵਿੱਚ ਰੱਖੜੀ ਦੀ ਡਾਕ ਦੀ ਡਿਲਿਵਰੀ ਲਈ ਕੰਮ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਤਾਂ ਜੋ ਕੋਰੋਨਾ ਸੰਕਟ ਦੌਰਾਨ ਹਰ ਭਰਾ ਦੇ ਗੁੱਟ ’ਤੇ ਉਸਦੀ ਭੈਣ ਵੱਲੋਂ ਭੇਜੀ ਰੱਖੜੀ ਬੰਨੀ ਜਾ ਸਕੇ, ਇਸ ਨੂੰ ਮੁੱਖ ਰੱਖਦੇ ਹੋਏ ਚੰਡੀਗੜ੍ਹ ਦੇ ਡਾਕ ਵਿਭਾਗ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ। ਚੰਡੀਗੜ੍ਹ ਡਾਕ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਵੀ ਵੱਖ-ਵੱਖ ਸੂਬਿਆਂ ਅਤੇ ਹੋਰ ਸ਼ਹਿਰਾਂ ਤੋਂ ਚੰਡੀਗੜ੍ਹ ਪਹੁੰਚੀ ਡਾਕ ਛਾਂਟਣ ਦੇ ਨਾਲ-ਨਾਲ ਡਾਕ ਵੰਡਣ ਦਾ ਵੀ ਕੰਮ ਕੀਤਾ।
ਕਰੋਨਾਵਾਇਰਸ ਕਾਰਨ ਇਸ ਵਾਰ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਹੀਂ ਜਾ ਸਕੀਆਂ ਅਤੇ ਆਪਣੀਆਂ ਰੱਖੜੀਆਂ ਡਾਕ ਰਾਹੀਂ ਭੇਜ ਦਿੱਤੀਆਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਰੱਖੜੀ ਅਤੇ ਰੱਖੜ ਪੁੰਨਿਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਇਹ ਦਿਨ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ ਅਤੇ ਸੁਰੱਖਿਆ ਦੇ ਬੰਧਨ ਨੂੰ ਦਰਸਾਉਂਦਾ ਹੈ। ਇਸ ਮੌਕੇ ਕੈਪਟਨ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਅਤੇ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ।