Punjab

ਹਰਿਆਣਾ ਗੁਰਦੁਆਰਾ ਕਮੇਟੀ ਦਾ ਕਬਜ਼ਾ ਲੈਣ ਲਈ ‘ਤਾਲੇ ਟੁੱਟੇ’ !

ਬਿਉਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਹਿੰਸਕ ਹੁੰਦਾ ਜਾ ਰਿਹਾ ਹੈ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਵੀਂ ਪਾਤਸ਼ਾਹੀ ਦੇ ਕੁਰੂਕਸ਼ੇਤਰ ਗੁਰਦੁਆਰੇ ਵਿੱਚ ਦਫਤਰ ਦਾ ਤਾਲਾ ਤੋੜ ਕੇ ਨਵੀਂ ਕਮੇਟੀ ਨੇ ਸੇਵਾ ਸੰਭਾਲੀ ਤਾਂ SGPC ਦੇ ਮੁਲਾਜ਼ਮਾਂ ਦੇ ਨਾਲ ਕਮੇਟੀ ਦਾ ਟਕਰਾਅ ਹੋ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਨਾਂ ਮਰਿਆਦਾ ਦੀ ਪਰਵਾ ਕੀਤੇ ਦੋਵੇ ਧੜੇ ਇੱਕ-ਦੂਜੇ ਨੂੰ ਧੱਕੇ ਮਾਰ ਰਹੇ ਸਨ। ਮੌਕੇ ‘ਤੇ ਮੌਜੂਦ HSGPC ਦੇ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਮੌਜੂਦ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਲੰਮੇ ਵਕਤ ਤੋਂ ਉਹ ਸ਼੍ਰੋਮਣੀ ਕਮੇਟੀ ਤੋਂ ਚਾਰਜ ਦੀ ਮੰਗ ਰਹੇ ਸਨ ਜਦੋਂ ਉਨ੍ਹਾਂ ਨੇ ਨਹੀਂ ਦਿੱਤਾ ਤਾਂ ਤਾਲੇ ਤੋੜ ਕੇ ਉਨ੍ਹਾਂ ਨੇ ਚਾਰਜ ਸੰਭਾਲ ਲਿਆ ਜਿਸ ‘ਤੇ SGPC ਦੇ ਮੁਲਾਜ਼ਮਾਂ ਵੱਲੋਂ ਹੱਥੋਪਾਈ ਕੀਤੀ ਗਈ ।

ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਸੀ ਕਿ ਉਹ ਆਪ ਸੁਪਰੀਮ ਕੋਰਟ ਦੇ ਫੈਸਲੇ ‘ਤੇ ਫੁੱਲ ਚੜਾਉਂਦੇ ਹੋਏ ਹਰਿਆਣਾ ਦੇ ਗੁਰਦੁਆਰਿਆਂ ਦੀ ਜ਼ਿੰਮੇਵਾਰੀ ਹਰਿਆਣਾ ਕਮੇਟੀ ਨੂੰ ਸੌਂਪਣ । ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਬਲਕਿ SGPC ਦੇ ਮੁਲਾਜ਼ਮਾਂ ਨੂੰ ਅੱਗੇ ਕਰ ਦਿੱਤਾ । ਦਾਦੂਵਾਲ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਧਾਰਮਿਕ ਸਮਾਗਮ ਦਾ ਵੀ ਹਵਾਲਾ ਦਿੱਤਾ ਸੀ ਪਰ ਉਹ ਅੜ ਗਏ ਅਤੇ ਧੱਕੇ ਮਾਰਨ ਲੱਗੇ । ਜਿਸ ਦਾ ਜਵਾਬ ਸੰਗਤਾਂ ਵੱਲੋਂ ਦਿੱਤਾ ਗਿਆ । ਉਧਰ ਐੱਸਜੀਪੀਸੀ ਦੇ ਜਨਰਲ ਸਕੱਤਰ ਅਤੇ ਸੁਖਬੀਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ ।

‘ਹਰਿਆਣਾ ਕਮੇਟੀ ਦੇ ਇਤਿਹਾਸ ਵਿੱਚ ਕਾਲਾ ਦਿਨ’

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਜਿਸ ਤਰ੍ਹਾਂ ਨਾਲ ਜ਼ਬਰਦਸਤੀ ਗੁਰੂ ਘਰ ‘ਤੇ ਕਬਜ਼ਾ ਕੀਤਾ ਗਿਆ ਅਤੇ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗਿਆ ਇਹ ਬਹੁਤ ਦੀ ਦੁੱਖ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਵਾਦ ਸੀ ਤਾਂ ਉਸ ਦਾ ਬੈਠ ਕੇ ਹੱਲ ਹੋ ਸਕਦਾ ਸੀ । ਪਰ ਹਰਿਆਣਾ ਸਰਕਾਰ ਦੀ ਸ਼ੈਅ ਤੇ ਕਬਜ਼ਾ ਕਰਨ ‘ਤੇ ਉਤਰੀ ਕਮੇਟੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੇਅਦਬੀ ਕੀਤੀ ਹੈ । ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਕਾਲਾ ਦਿਨ ਦੱਸ ਦੇ ਹੋਏ ਕਿਹਾ ਕਿ ਬੀਜੇਪੀ ਹੁਣ ਗੁਰੂ ਘਰਾਂ ‘ਤੇ ਸਿੱਧਾ ਹਮਲਾ ਕਰ ਰਹੀ ਹੈ । ਉਨ੍ਹਾਂ ਕਿਹਾ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਕੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨੂੰ ਵੀ ਕਮਜ਼ੋਰ ਕਰ ਰਹੀ ਹੈ ।

ਗੁਰੂ ਘਰ ਦੀ ਮਰਿਆਦਾ ਦਾ ਪਤਾ ਨਹੀਂ -ਰਣਬੀਰ ਸਿੰਘ ਫੌਜੀ

ਹਰਿਆਣਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਰਣਬੀਰ ਸਿੰਘ ਫੌਜੀ ਨੇ ਕਿਹਾ ਕਿ ਤਾਲਾ ਤੋੜਨ ਵਾਲਿਆਂ ਨੂੰ ਸਿੱਖਾਂ ਅਤੇ ਗੁਰੂਘਰ ਦੀ ਮਰਿਆਦਾ ਦਾ ਨਹੀਂ ਪਤਾ ਹੈ । ਇਸ ਲਈ ਹਰਿਆਣਾ ਸਰਕਾਰ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਹੀ ਕਰੇ । ਹਿੰਸਾ ਕਰਨ ਵਾਲੇ ਲੋਕਾਂ ਨੂੰ ਕਮੇਟੀ ਤੋਂ ਬਾਹਰ ਕੀਤਾ ਜਾਵੇ।