Punjab

ਕੋਰੋਨਾਵਾਇਰਸ ਕਾਰਨ 25ਵਾਂ ਹਿੰਦ-ਪਾਕਿ ਮੇਲਾ ਹੋਵੇਗਾ ਆਨਲਾਈਨ, ਦੋਵੇਂ ਦੇਸ਼ਾਂ ਦੇ ਬੁੱਧੀਜੀਵੀ ਲੈਣਗੇ ਹਿੱਸਾ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਨਾਲ ਚੜੇ ਇਸ ਸਾਲ ‘ਚ ਹਿੰਦ ਪਾਕਿ ਦੋਸਤੀ ਮੰਚ ਵੱਲੋਂ 25ਵੇਂ ਹਿੰਦ ਪਾਕਿ ਦੋਸਤੀ ਮੇਲੇ ‘ਚ ਇੱਕਠ ਨੂੰ ਸੀਮਤ ਕਰ ਦਿੱਤਾ ਗਿਆ ਹੈ, ਤੇ ਇਹ ਸਮਾਗਮ 14 ਅਗਸਤ ਨੂੰ ਕੀਤਾ ਜਾਵੇਗਾ।

ਇਸ ਸਬੰਧ ਵਿੱਚ ਕੱਲ੍ਹ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਕੇਂਦਰ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਵੱਲੋਂ ਹਿੰਦ-ਪਾਕਿ ਦੋਸਤੀ ਸਮਾਗ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ, ਜਿਸ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ 14 ਅਗਸਤ ਨੂੰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਭਾਰਤ ਪਾਕਿ ਸਬੰਧਾਂ ਦੇੇ ਵਿਸ਼ੇ ’ਤੇ ਆਨਲਾਈਨ ਸੈਮੀਨਾਰ ਹੋਵੇਗਾ। ਜਿਸ ਵਿੱਚ ਦੋਵਾਂ ਦੇਸ਼ਾਂ ਦੇ ਬੁੱਧੀਜੀਵੀ ਹਿੱਸਾ ਲੈਣਗੇ।

ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਵਾਲਿਆਂ ‘ਚੋਂ ਪਾਕਿਸਤਾਨ ਤੋਂ ਇਮਤਿਆਜ਼ ਆਲਮ, ਸ਼ਾਈਦਾ ਦੀਪ, ਚੌਧਰੀ ਮਨਜ਼ੂਰ ਅਹਿਮਦ, ਮੁਹੰਮਦ ਤਹਿਸੀਨ ਹਨ ਅਤੇ ਭਾਰਤ ਤੋਂ ਸਤਨਾਮ ਸਿੰਘ ਮਾਣਕ, ਜਤਿਨ ਦੇਸਾਈ, ਵਿਨੋਦ ਸ਼ਰਮਾ, ਸ਼ਾਹਿਦ ਸਦੀਕੀ, ਏਆਰ ਸ਼ਾਹੀਨ, ਸ਼ਾਇਦਾ ਹਮੀਰ, ਡਾ. ਕੁਲਦੀਪ ਸਿੰਘ, ਡਾ. ਸਰਬਜੀਤ ਸਿੰਘ, ਦੀਪਕ ਬਾਲੀ, ਰਮੇਸ਼ ਯਾਦਵ, ਕਮਲਾ ਭਸੀਨ, ਡਾ. ਚਰਨਜੀਤ ਸਿੰਘ ਨਾਭਾ ਆਦਿ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ‘ਪੰਜ ਪਾਣੀ’ ਮੈਗਜ਼ੀਨ ਰਿਲੀਜ਼ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਡਾ. ਸੁਰਜੀਤ ਪਾਤਰ ਦਾ ਲਿਖਿਆ ਤੇ ਪਾਕਿਸਤਾਨੀ ਗਾਇਕ ਜਫ਼ਰ ਅੱਲਾ ਵੱਲੋਂ ਗਾਇਆ ਗੀਤ ‘ਮੋਮਬੱਤੀਆਂ’ ਰਿਲੀਜ਼ ਕੀਤਾ ਜਾਵੇਗਾ। ਇਸ ਦੀ ਪੇਸ਼ਕਾਰੀ ਆਨਲਾਈਨ ਵੀ ਹੋਵੇਗੀ।

ਇਸੇ ਦਿਨ ਰਾਤ ਨੂੰ ਸਰਹੱਦ ਨੇੜੇ ਮੈਂਬਰ ਮੋਮਬੱਤੀਆਂ ਬਾਲਣਗੇ। ਯਾਦਵ ਨੇ ਦੱਸਿਆ ਕਿ ਕੋਰੋਨਾ ਦੇ ਚਲਦਿਆਂ ਸਮਾਗਮ ਦਾ ਇਕੱਠ ਘੱਟ ਕੀਤਾ ਗਿਆ ਹੈ। ਸਮਾਗਮ ਆਨਲਾਈਨ ਹੋਣਗੇ ਪਰ ਰਾਤ ਨੂੰ ਮੋਮਬੱਤੀਆਂ ਪਹਿਲਾਂ ਵਾਂਗ ਹੀ ਬਾਲੀਆਂ ਜਾਣਗੀਆਂ।