ਦਿੱਲੀ : ਪੰਜਾਬ ਵਿੱਚ ਅੱਜ ਸਵੇਰੇ ਪਏ ਮੀਂਹ ਨੇ ਸ਼ੀਤ ਲਹਿਰ ਨੂੰ ਵਧਾ ਦਿੱਤਾ ਹੈ । ਪੰਜਾਬ ਸਮੇਤ ਉੱਤਰੀ ਭਾਰਤ ‘ਚ ਸੀਤ ਲਹਿਰ ਅਜੇ ਵੀ ਜਾਰੀ ਹੈ, ਹਾਲਾਂਕਿ ਕੱਲ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ ਸੀ। ਮੌਸਮ ਵਿਭਾਗ ਨੇ ਹਾਲਾਂਕਿ 23 ਜਨਵਰੀ ਨੂੰ ਵੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਸੀ ਪਰ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਫਰਕ ਪਿਆ ਸੀ ਪਰ ਅੱਜ ਤੜਕੇਸਾਰ ਸ਼ੁਰੂ ਹੋਏ ਮੀਂਹ ਨੇ ਇੱਕ ਵਾਰ ਫਿਰ ਕੰਬਣੀ ਛੇੜ ਦਿੱਤੀ ਹੈ।
ਮੌਸਮ ਵਿਭਾਗ ਨੇ 27 ਜਨਵਰੀ ਤੱਕ ਵਿਆਪਕ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਵੀ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਮੌਸਮ ਵਿੱਚ ਇਸ ਗੜਬੜੀ ਦਾ ਕਾਰਨ ਪੱਛਮੀ ਗੜਬੜੀ ਨੂੰ ਮੰਨਿਆ ਜਾ ਰਿਹਾ ਹੈ । ਇਸ ਕਾਰਨ ਇਸ ਉੱਤਰੀ ਖਿੱਤੇ ਵਿੱਚ 27 ਜਨਵਰੀ ਤੱਕ ਮੌਸਮ ਪ੍ਰਭਾਵਿਤ ਰਹੇਗਾ। ਜਿਸ ਕਾਰਨ ਪੱਛਮੀ ਹਿਮਾਲੀਅਨ ਖੇਤਰ ਵਿੱਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ,ਜਿਸ ਕਾਰਨ ਵਿਆਪਕ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਅੱਜ ਤੇ ਕੱਲ ਨੂੰ ਅਤੇ ਉੱਤਰਾਖੰਡ ਵਿੱਚ 25 ਅਤੇ 26 ਜਨਵਰੀ ਨੂੰ ਭਾਰੀ ਮੀਂਹ ਜਾਂ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।