India

ਇਨ੍ਹਾਂ ਤਿੰਨ ਕਾਰਨਾਂ ਕਰਕੇ ਸਰਨਾ ਭਰਾਵਾਂ ‘ਤੇ ਹੋਈ ਕਾਰਵਾਈ

Due to these three reasons action was taken against Sarna brothers

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ( Delhi Sikh Gurdwara Management Committee ) ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਰਨਾ ਭਰਾਵਾਂ ਬਾਰੇ ਬੋਲਦਿਆਂ ਕਿਹਾ ਕਿ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਪੰਥ ਵਿਰੋਧੀ ਕੀਤੇ ਜਾ ਰਹੇ ਕੰਮਾਂ ਬਾਰੇ ਅੱਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੱਤੀ ਗਈ ਹੈ। ਸਰਨਾ ਭਰਾਵਾਂ ਨੂੰ ਪ੍ਰਮੋਟ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦਾ ਮੂੰਹ ਦਿੱਲੀ ਵੱਲ ਨੂੰ ਖੋਲਿਆ ਗਿਆ ਹੈ। ਸਰਨਾ ਭਰਾਵਾਂ ਦੇ ਪਰਿਵਾਰਾਂ ਵੱਲੋਂ ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਸ਼ਰਾਬ ਦੇ, ਨਸ਼ੇ ਦੇ ਕਾਰੋਬਾਰ ਕੀਤੇ ਜਾ ਰਹੇ ਹਨ। ਸਰਨਾ ਭਰਾ ਸ਼ੁਰੂ ਤੋਂ ਹੀ ਪੰਥ ਵਿਰੋਧੀ ਕਾਰਜਾਂ ਵਿੱਚ ਸ਼ਾਮਿਲ ਰਹੇ ਹਨ।

ਇੱਕ ਪਾਸੇ DSGMC ਦਿੱਲੀ 1984 ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ ਤਾਂ ਦੂਜੇ ਪਾਸੇ ਸਰਨਾ ਭਰਾਵਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੀਟੀਸੀ ਚੈਨਲ ਉੱਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਇੱਕ ਵਿਸ਼ੇਸ਼ ਚੈਨਲ ਰਾਹੀਂ ਸਰਨਾ ਭਰਾਵਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਥੇਦਾਰ ਅਕਾਲ ਤਖ਼ਤ ਵੱਲੋਂ SGPC ਨੂੰ ਆਪਣਾ ਚੈਨਲ ਸ਼ੁਰੂ ਕਰਨ ਦਾ ਹੁਕਮ ਹੋਇਆ ਸੀ ਪਰ ਅੱਜ ਵੀ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰਣ ਪੀਟੀਸੀ ਚੈਨਲ ਉੱਤੇ ਹੋ ਰਿਹਾ ਹੈ ਅਤੇ ਉਸੇ ਹੀ ਚੈਨਲ ਦੇ ਮਾਧਿਅਮ ਨਾਲ ਸ਼ਰਾਬ ਦੇ, ਨਸ਼ਿਆਂ ਦੇ ਵਪਾਰ ਵਿੱਚ ਜਿਨ੍ਹਾਂ ਦੇ ਪਰਿਵਾਰ ਸ਼ਾਮਿਲ ਹਨ, ਉਨ੍ਹਾਂ ਨੂੰ ਉਸ ਚੈਨਲ ਦੇ ਰਾਹੀਂ ਪ੍ਰਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪੀਟੀਸੀ ਚੈਨਲ ਵੱਲੋਂ ਕਰੋੜਾਂ ਰੁਪਏ ਸ਼੍ਰੋਮਣੀ ਕਮੇਟੀ ਨੂੰ ਦੇਣਾ ਬਕਾਇਆ ਹੈ। ਇਸ ਸਬੰਧੀ ਜਥੇਦਾਰ ਨੇ ਪੀਟੀਸੀ ਨਾਲ SGPC ਦਾ ਜੋ ਇਕਰਾਰਨਾਮਾ ਹੋਇਆ ਸੀ, ਉਸਨੂੰ ਜਨਤਕ ਕਰਨ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਉਹ ਇਕਰਾਰਨਾਮਾ ਸੰਗਤ ਨੂੰ ਨਹੀਂ ਦੱਸਿਆ ਗਿਆ।

ਉਨ੍ਹਾਂ ਨੇ ਸਰਨਾ ਭਰਾਵਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਅਪੀਲ ਕੀਤੀ ਹੈ। SGPC ਨੂੰ ਉਕਤ ਇਕਰਾਰਨਾਮਾ ਵੀ ਜਨਤਕ ਕਰਨ ਦੀ ਮੰਗ ਕੀਤੀ ਹੈ। ਸਰਨਾ ਭਰਾਵਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।