Punjab

ਪੰਜਾਬ ‘ਚ ਤੂਫਾਨ ਕਾਰਨ ਵੱਡਾ ਨੁਕਸਾਨ, ਪਾਵਰਕੌਮ ਦਾ ਹੋਇਆ ਕਰੋੜਾਂ ਦਾ ਨੁਕਸਾਨ…

Due to the heavy destruction of Jhakhar in Punjab loss of crores

ਚੰਡੀਗੜ੍ਹ : ਪੰਜਾਬ ਵਿੱਚ ਪਰਸੋਂ ਰਾਤ ਨੂੰ ਆਏ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਜਿੱਥੇ ਇਸ ਕਾਰਨ ਤਿੰਨ ਮੌਤਾਂ ਹੋਈਆਂ ਹਨ, ਉੱਥੇ ਹੀ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਦਰਖੱਤ ਤਾਂ ਪੁੱਟੇ ਹੀ ਗਏ ਹਨ ਪਰ ਦੂਜੇ ਪਾਸੇ ਖੰਭੇ, ਟਰਾਂਸਫਾਰਮਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਝੱਖੜ ਕਾਰਨ ਤਿੰਨ ਮੌਤਾਂ

ਝੱਖੜ ਕਾਰਨ ਦੋ ਕਿਸਾਨ ਅਤੇ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਅਜਮੇਰ ਸਿੰਘ ਵਾਸੀ ਰੂੜੇਕੇ ਕਲਾਂ ਆਪਣੇ ਵਿਹੜੇ ਵਿੱਚ ਸੁੱਤਾ ਪਿਆ ਸੀ। ਤੇਜ਼ ਝੱਖੜ ਕਾਰਨ ਉਸ ਦੇ ਘਰ ਵਿੱਚ ਦੂਜੀ ਮੰਜ਼ਿਲ ’ਤੇ ਬਣੀ ਪਾਣੀ ਵਾਲੀ ਟੈਂਕੀ ਦੀ ਸਲੈਬ ਉਸ ਉੱਪਰ ਆਣ ਡਿੱਗੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਤੋਂ ਇਲਾਵਾ ਪਿੰਡ ਕਾਹਨੇਕੇ ਵਿਚ ਇੱਕ ਪਰਵਾਸੀ ਮਜ਼ਦੂਰ ਸੁਰੇਸ਼ ਕੁਮਾਰ ਝੱਖੜ ਕਾਰਨ ਮੌਤ ਹੋ ਗਈ। ਉਹ ਵਿਹੜੇ ਵਿੱਚ ਸੁੱਤਾ ਪਿਆ ਸੀ ਅਤੇ ਤੇਜ਼ ਝੱਖੜ ਕਾਰਨ ਪਸ਼ੂਆਂ ਵਾਲੇ ਵਰਾਂਡੇ ਦਾ ਬਨੇਰਾ ਉਸ ਉੱਪਰ ਡਿੱਗ ਪਿਆ ਅਤੇ ਉਸ ਦੀ ਵੀ ਮੌਕੇ ’ਤੇ ਮੌਤ ਹੋ ਗਈ।
ਸ਼ੇਰਪੁਰ ਨੇੜਲੇ ਪਿੰਡ ਅਲੀਪੁਰ ਖਾਲਸਾ ਵਿਚ ਲੰਘੀ ਰਾਤ ਆਏ ਝੱਖੜ ਕਾਰਨ ਖੇਤ ਦੇ ਕੋਠੇ ’ਤੇ ਸੁੱਤੇ ਪਏ ਕਿਸਾਨ ਉੱਪਰ ਦਰਖ਼ਤ ਦਾ ਵੱਡਾ ਹਿੱਸਾ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ

ਅਨੁਸਾਰ ਪਿੰਡ ਅਲੀਪੁਰ ਖਾਲਸਾ ਦੇ ਕਿਸਾਨ ਚਰਨਜੀਤ ਸਿੰਘ ਜੋ ਬੀਤੀ ਰਾਤ ਮੋਟਰ ਦੇ ਕੋਠੇ ’ਤੇ ਸੁੱਤਾ ਪਿਆ ਸੀ ਅਤੇ ਜਦੋਂ ਰਾਤ ਸਮੇਂ ਹਨੇਰੀ ਆਈ ਤਾਂ ਨੇੜੇ ਖੜ੍ਹਾ ਦਰਖਤ ਦਾ ਟਾਹਣਾ ਉਸ ’ਤੇ ਆਣ ਡਿੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।

1000 ਟਰਾਂਸਫਾਰਮਰ ਨੁਕਸਾਨੇ ਗਏ ਅਤੇ 4000 ਬਿਜਲੀ ਦੇ ਖੰਭੇ ਡਿੱਗੇ

ਝੱਖੜ ਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਇਸ ਕਾਰਨ ਰਾਤ ਸਮੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਵੀਰਵਾਰ ਨੂੰ ਵੀ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਪਾਵਰਕੌਮ ਨੂੰ ਕਰੀਬ 93 ਹਜ਼ਾਰ ਸ਼ਿਕਾਇਤਾਂ ਮਿਲੀਆਂ। ਖ਼ਬਰ ਲਿਖੇ ਜਾਣ ਤੱਕ ਪਾਵਰਕੌਮ ਲਾਈਨਾਂ ਦੀ ਮੁਰੰਮਤ ਵਿੱਚ ਲੱਗਾ ਹੋਇਆ ਸੀ। ਦੂਜੇ ਪਾਸੇ ਜਿਵੇਂ ਹੀ ਮੌਸਮ ਨੇ ਕਰਵਟ ਲਿਆ ਤਾਂ ਦਿਨ ਵੇਲੇ ਬਿਜਲੀ ਦੀ ਮੰਗ ਘਟ ਕੇ 2500 ਮੈਗਾਵਾਟ ਰਹਿ ਗਈ।

ਪੰਜਾਬ ‘ਚ ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਤੇਜ਼ ਧੂੜ ਭਰੀ ਹਨੇਰੀ ਆਈ। ਕਈ ਥਾਵਾਂ ‘ਤੇ ਮੀਂਹ ਵੀ ਪਿਆ। ਕਈ ਜ਼ਿਲ੍ਹਿਆਂ ਵਿੱਚ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਅੰਕੜਿਆਂ ਅਨੁਸਾਰ ਪਟਿਆਲਾ, ਮੋਹਾਲੀ, ਸੰਗਰੂਰ, ਬਰਨਾਲਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ 1000 ਟਰਾਂਸਫਾਰਮਰ ਨੁਕਸਾਨੇ ਗਏ ਅਤੇ 4000 ਬਿਜਲੀ ਦੇ ਖੰਭੇ ਡਿੱਗ ਗਏ। ਇਸ ਕਾਰਨ ਪਾਵਰਕੌਮ ਨੂੰ 11 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਦੂਜੇ ਪਾਸੇ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ 50 ਟਰਾਂਸਫਾਰਮਰ ਨੁਕਸਾਨੇ ਗਏ ਹਨ ਅਤੇ 194 ਬਿਜਲੀ ਦੇ ਖੰਭੇ ਡਿੱਗ ਗਏ ਹਨ। ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕੌਮ ਨੂੰ ਸੂਬੇ ਭਰ ਵਿੱਚੋਂ 93 ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9800 ਸ਼ਿਕਾਇਤਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਆਈਆਂ ਹਨ।

ਹਨੇਰੀ ਅਤੇ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਹੀ ਕਾਰਨ ਹੈ ਕਿ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਸੂਬੇ ‘ਚ ਬਿਜਲੀ ਦੀ ਮੰਗ ‘ਚ 2500 ਮੈਗਾਵਾਟ ਦੀ ਕਮੀ ਆਈ ਹੈ। ਜਿੱਥੇ ਬੁੱਧਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 10200 ਮੈਗਾਵਾਟ ਦਰਜ ਕੀਤੀ ਗਈ, ਉਥੇ ਵੀਰਵਾਰ ਨੂੰ ਇਹ 7700 ਮੈਗਾਵਾਟ ਰਹੀ।