ਦਿੱਲੀ : ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚਰਚਾ ਵਿੱਚ ਚੱਲ ਰਹੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦਾ ਮੁੱਦਾ ਹੁਣ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਜਾਪਦਾ ਹੈ। ਇੱਕ-ਇੱਕ ਕਰ ਕੇ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਮੁੱਦੇ ‘ਤੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਦੀਆਂ 50 ਕੰਪਨੀਆਂ ਤੇ ਅੱਧੀ ਪੰਜਾਬ ਪੁਲਿਸ ਉਸ ਮਗਰ ਲੱਗੀ ਹੋਈ ਹੈ । ਇਹ ਲੋਕ ਕੀ ਕਰ ਰਹੇ ਹਨ? ਕੀ ਇਹ ਉਹੀ ਪੰਜਾਬ ਪੁਲਿਸ ਹੈ,ਜਿਸ ਨੇ 2016 ‘ਚ ਫ਼ੌਜ ਆਉਣ ਤੋਂ ਪਹਿਲਾਂ ਹੀ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਗਿਆ, ਕੀ ਪਾਕਿਸਤਾਨ ਤੋਂ ਕੋਈ ਹੈਲੀਕਾਪਟਰ ਆਇਆ ਤੇ ਉਸ ਨੂੰ ਲੈ ਗਿਆ। ਪੰਜਾਬ ਦੇ ਲੋਕਾਂ ਨਾਲ ਇਹ ਖੇਡ ਜਾਣਬੁੱਝ ਕੇ ਖੇਡੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਸਭ ਸਮਝ ਰਹੇ ਹਨ।
ਉਹਨਾਂ ਅੱਗੇ ਕਿਹਾ, “ਮੈਂ ਤਾਂ ਸਿਰਫ ਇਹ ਪੁੱਛ ਰਹੀ ਹਾਂ ਕਿ ਉਸ ਦਾ ਕਰੀਬੀ ਫੜਿਆ ਗਿਆ। ਜੇ ਸਾਰੇ ਫੜੇ ਗਏ ਤਾਂ ਉਹ ਕਿੱਥੇ ਗਿਆ? ਵਾਇਰਲ ਹੋਈ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਥਾਣੇ ‘ਚ ਹੈ। ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।”