India

5 ਹਜ਼ਾਰ ਰੁਪਏ ਕਰਜ਼ਾ ਨਾ ਮੋੜਨ ਕਾਰਨ ਮਜਦੂਰ ਨੂੰ ਤੇਲ ਪਾ ਕੇ ਜਿੰਦਾ ਸਾੜਿਆ

‘ਦ ਖ਼ਾਲਸ ਬਿਊਰੋ :- ਮੱਧ ਪ੍ਰਦੇਸ਼ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੋਂ ਦੇ ਗੁਨਾ ਜ਼ਿਲ੍ਹੇ ਦੇ ਰਹਿਣ ਵਾਲੇ ਮਜ਼ਦੂਰ ਨੂੰ ਕਥਿਤ ਤੌਰ ‘ਤੇ ਮਹਿਜ਼ 5000 ਰੁਪਏ ਦਾ ਉਧਾਰ ਸਮੇਂ ਸਿਰ ਨਾ ਚੁਕਾ ਸਕਣ ਕਾਰਨ ਮਿੱਟੀ ਦਾ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਗਿਆ। ਸਥਾਨਕ ਗੈਰ ਸਰਕਾਰੀ ਸੰਗਠਨ ਵਾਲੇ ਇਸ ਘਟਨਾ ਨੂੰ ਬੰਧੂਆ ਮਜ਼ਦੂਰੀ ਦਾ ਮਾਮਲਾ ਦੱਸ ਰਹੇ ਹਨ, ਜਦਕਿ ਸਰਕਾਰ ਇਸ ਪੂਰੀ ਘਟਨਾ ਨੂੰ ਉਧਾਰ ਦਾ ਮਾਮਲਾ ਕਹਿ ਰਹੀ ਹੈ।

ਇਸ ਘਟਨਾ ਨੂੰ ਲੈ ਕੇ ਮੱਧ ਪ੍ਰਦੇਸ਼ ‘ਚ ਰਾਜਨੀਤੀ ਸਿਖਰਾਂ ‘ਤੇ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 9 ਨਵੰਬਰ ਨੂੰ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਆਪ ਹੀ ਬੰਧੂਆ ਮਜ਼ਦੂਰੀ ਹੇਠ ਹੋਏ ਇਸ ਘਿਨਾਉਣੇ ਕਤਲ ਨੂੰ ਮੌਤ ਦਾ ਨਾਂ ਦੇ ਰਹੇ ਹਨ।

‘ਮਜ਼ਦੂਰੀ ਮੰਗਣ ‘ਤੇ ਪਾਇਆ ਗਿਆ ਮਿੱਟੀ ਦਾ ਤੇਲ’

ਦਰਅਸਲ ਇਹ ਘਟਨਾ ਗੁਨਾ ਜ਼ਿਲ੍ਹੇ ਦੀ ਬਮੋਰੀ ਤਹਿਸੀਲ ਦੇ ਛੋਟੇ ਉਖਾਵਾਦ ਖੁਰਦ ਪਿੰਡ ਵਿੱਚ 6 ਨਵੰਬਰ ਦੀ ਰਾਤ ਨੂੰ ਵਾਪਰੀ ਹੈ। ਬੰਧੂਆ ਮੁਕਤੀ ਮੋਰਚਾ, ਗੁਨਾ ਦੇ ਜ਼ਿਲ੍ਹਾ ਕਨਵੀਨਰ ਨਰਿੰਦਰ ਭਦੌਰੀਆ ਨੇ ਦੱਸਿਆ ਕਿ 26 ਸਾਲਾ ਵਿਜੇ ਸਹਾਰਿਆ ਪਿਛਲੇ ਤਿੰਨ ਸਾਲਾਂ ਤੋਂ ਰਾਧੇ ਸ਼ਿਆਮ ਲੋਧਾ ਦੇ ਖੇਤ ‘ਚ ਬਤੌਰ ਬੰਧੂਆ ਮਜ਼ਦੂਰ ਕੰਮ ਕਰਦੇ ਸਨ। ਦੋਵੇਂ ਇੱਕ ਹੀ ਪਿੰਡ ਦੇ ਵਸਨੀਕ ਸਨ।

ਵਿਜੇ ਤੋਂ ਲਗਾਤਾਰ ਕੰਮ ਕਰਵਾਇਆ ਜਾਂਦਾ ਸੀ। ਵਿਜੇ ਨੇ ਘਟਨਾ ਵਾਲੀ ਰਾਤ ਰਾਧੇ ਸ਼ਿਆਮ ਨੂੰ ਕਿਹਾ ਸੀ ਕਿ ਉਹ ਕਿਤੇ ਹੋਰ ਮਜ਼ਦੂਰੀ ਕਰਕੇ ਉਨ੍ਹਾਂ ਦਾ ਕਰਜਾ ਮੋੜ ਦੇਵੇਗਾ। ਇਸ ਤੋਂ ਬਾਅਦ ਵਿਜੇ ਨੇ ਰਾਧੇ ਸ਼ਿਆਮ ਤੋਂ ਆਪਣੀ ਮਜ਼ਦੂਰੀ ਮੰਗੀ, ਪਰ ਇਸ ਗੱਲ ‘ਤੇ ਰਾਧੇ ਸ਼ਿਆਮ ਗੁੱਸੇ ‘ਚ ਭੜਕ ਗਿਆ ਅਤੇ ਉਸ ਨੇ ਵਿਜੇ ‘ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਦੀ ਭੇਂਟ ਕਰ ਦਿੱਤਾ।”

ਵਿਜੇ ਸਹਾਰਿਆ ਦੀ ਅਗਲੇ ਦਿਨ, 7 ਨਵੰਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੂਜੇ ਹੀ ਦਿਨ ਰਾਧੇ ਸ਼ਿਆਮ ਨੂੰ ਹਿਰਾਸਤ ‘ਚ ਲੈ ਲਿਆ ਸੀ। ਅੱਗ ਲੱਗਣ ਤੋਂ ਬਾਅਦ ਝੁਲਸੇ ਹੋਏ ਵਿਜੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ‘ਚ ਉਹ ਦੱਸ ਰਹੇ ਸਨ ਕਿ ਕਿਵੇਂ ਰਾਧੇ ਸ਼ਿਆਮ ਨੇ ਉਨ੍ਹਾਂ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ।

ਵਿਜੇ ਆਪਣੇ ਮਾਤਾ-ਪਿਤਾ, ਛੋਟੇ ਭਰਾ ਅਤੇ ਪਤਨੀ ਰਾਮ ਸੁਖੀ ਤੇ ਦੋ ਬੱਚਿਆਂ ਨਾਲ ਪਿੰਡ ‘ਚ ਰਹਿੰਦੇ ਸਨ। ਮ੍ਰਿਤਕ ਵਿਜੇ ਦੇ ਪਿਤਾ ਕੱਲੂਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੰਜ ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। “ਤਿੰਨ ਸਾਲ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਵੀ ਨਾ ਤਾਂ ਉਸ ਦਾ ਕਰਜ਼ਾ ਸਿਰ ਤੋਂ ਲੱਥਿਆ ਅਤੇ ਨਾ ਹੀ ਕਦੇ ਵੀ ਉਸ ਨੂੰ ਉਸ ਦੀ ਮਜ਼ਦੂਰੀ ਹੀ ਮਿਲੀ। ਇਸ ਲਈ ਹੀ ਉਸ ਨੇ ਕੁੱਝ ਦਿਨਾਂ ਤੋਂ ਕੰਮ ‘ਤੇ ਜਾਣਾ ਬੰਦ ਕਰ ਦਿੱਤਾ ਸੀ।”

 

ਪੁਲਿਸ ਦਾ ਪੱਖ

ਪੁਲਿਸ ਸੁਪਰੀਟੈਂਡੈਂਟ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ, “ਇਸ ਮਾਮਲੇ ‘ਚ ਫੌਰੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਵੀ ਵਿੱਤੀ ਮਦਦ ਮੁਹੱਈਆ ਕਰਵਾਈ ਗਈ ਹੈ।” ਇਸ ਦੇ ਨਾਲ ਹੀ ਗੁਨਾ ਜ਼ਿਲ੍ਹੇ ਦੇ ਕੁਲੈਕਟਰ ਕੁਮਾਰ ਪੁਰਸ਼ੋਤਮ ਦਾ ਕਹਿਣਾ ਹੈ ਕਿ ” ਇਸ ਮਾਮਲੇ ‘ਚ ਮ੍ਰਿਤਕ ਨੇ ਮੁਲਜ਼ਮ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਇਸ ਕਰਕੇ ਹੀ ਇਹ ਘਟਨਾ ਵਾਪਰੀ ਹੈ।” ਇਸ ਘਟਨਾ ਤੋਂ ਬਾਅਦ ਹਾਲਾਂਕਿ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਉਹ ਸਹਰਿਆ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਅੰਕੜੇ ਤਿਆਰ ਕਰੇਗਾ ਤਾਂ ਜੋ ਉਨ੍ਹਾਂ ਨੂੰ ਮਦਦ ਦਿੱਤੀ ਜਾ ਸਕੇ।

ਸਹਰਿਆ ਕਬੀਲਾ

ਸਹਰਿਆ ਕਬੀਲਾ ਸੂਬੇ ਦੀਆਂ ਸਭ ਤੋਂ ਵੱਧ ਪਛੜੇ ਕਬੀਲਾ ਵਿੱਚੋਂ ਇੱਕ ਹੈ। ਹਰ ਚੋਣ ਤੋਂ ਪਹਿਲਾਂ ਸਰਕਾਰ ਅਤੇ ਸਿਆਸੀ ਪਾਰਟੀਆਂ ਇਸ ਭਾਈਚਾਰੇ ਦੇ ਵਿਕਾਸ ਲਈ ਕਈ ਤਰ੍ਹਾਂ ਦੇ ਵਾਅਦੇ ਕਰਦੇ ਹਨ। ਇੰਨ੍ਹਾਂ ਦੀ ਸਥਿਤੀ ‘ਚ ਕੋਈ ਵਧੇਰੇ ਤਬਦੀਲੀ ਨਹੀਂ ਆਈ ਹੈ। ਮੱਧ ਪ੍ਰਦੇਸ਼ ਦਾ ਇਹ ਗੁਨਾ ਜ਼ਿਲ੍ਹਾ ਪਹਿਲਾਂ ਹੀ ਬੰਧੂਆ ਮਜ਼ਦੂਰੀ ਲਈ ਜਾਣਿਆ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਇੱਥੋਂ ਕਈ ਥਾਵਾਂ ਤੋਂ ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਗਿਆ ਹੈ।

ਨਰਿੰਦਰ ਭਦੌਰੀਆ ਨੇ ਇਲਜ਼ਾਮ ਲਾਉਂਦਿਆਂ ਕਿਹਾ, “ਇਸ ਖੇਤਰ ‘ਚ ਰੋਅਬ ਰੱਖਣ ਵਾਲੇ ਲੋਕਾਂ ਦਾ ਦਬਦਬਾ ਕਾਇਮ ਹੈ ਅਤੇ ਉਹ ਆਦਿਵਾਸੀ ਅਤੇ ਸਹਰਿਆ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹੀ ਰਹਿੰਦੇ ਹਨ।ਸਿਆਸੀਕਰਨ ਕਰਕੇ ਉਨ੍ਹਾਂ ‘ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ ਹੈ।”

ਬੰਧੂਆ ਮੁਕਤੀ ਮੋਰਚਾ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਜਲਦੀ ਤੋਂ ਜਲਦੀ ਮੁਕਤੀ ਪ੍ਰਮਾਣ ਪੱਤਰ ਜਾਰੀ ਕਰੇ ਤਾਂ ਜੋ ਵਿਜੇ ਦੇ ਪਰਿਵਾਰ ਨੂੰ ਵੀ ਉਹ ਸਹੂਲਤਾਂ ਅਤੇ ਮੁਆਵਜ਼ਾ ਮਿਲ ਸਕੇ ਜੋ ਕਿ ਇੱਕ ਬੰਧੂਆ ਮਜ਼ਦੂਰ ਨੂੰ ਮਿਲਦਾ ਹੈ। ਸਾਲ 1976 ‘ਚ ਇੰਦਰਾ ਗਾਂਧੀ ਨੇ ਬੰਧੂਆ ਮਜ਼ਦੂਰੀ ਪ੍ਰਥਾ ਦੇ ਖ਼ਾਤਮੇ ਲਈ ਇੱਕ ਕਾਨੂੰਨ ਬਣਾਇਆ ਸੀ। ਜਿਸ ਦੇ ਤਹਿਤ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ ਗਏ ਲੋਕਾਂ ਲਈ ਰਿਹਾਇਸ਼ ਅਤੇ ਮੁੜ ਵਸੇਬੇ ਦੀ ਸਹੂਲਤ ਦੇਣ ਦੀ ਗੱਲ ਕਹੀ ਗਈ ਸੀ। ਅਜਿਹੀਆਂ ਸਹੂਲਤਾਂ ਲਈ ਮੁਕਤੀ ਪ੍ਰਮਾਣ ਪੱਤਰ ਦਾ ਜਾਰੀ ਕੀਤਾ ਜਾਣਾ ਲਾਜ਼ਮੀ ਹੈ।

 

ਗਰਮਾਉਂਦੀ ਸਿਆਸਤ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ, “ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਪੀੜ੍ਹਤ ਪਰਿਵਾਰ ਅਤੇ ਮ੍ਰਿਤਕ ਦੀ ਪਤਨੀ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਪਰਿਵਾਰ ਦੀ ਮਰਜ਼ੀ ਹੋਣ ‘ਤੇ ਵਿਜੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਐਕਟ ਦੇ ਅਨੁਸਾਰ ਜੋ ਵੀ ਰਾਸ਼ੀ ਬਣਦੀ ਹੈ, ਉਸ ‘ਚੋਂ ਅੱਧੀ ਰਕਮ ਦੇ ਦਿੱਤੀ ਗਈ ਹੈ ਅਤੇ ਬਾਕੀ ਰਾਸ਼ੀ ਜਲਦ ਹੀ ਦੇ ਦਿੱਤੀ ਜਾਵੇਗੀ। “ਸੰਬਲ ਯੋਜਨਾ ਦੇ ਤਹਿਤ 4 ਲੱਖ ਰੁ. ਦੀ ਰਾਸ਼ੀ ਮ੍ਰਿਤਕ ਦੀ ਪਤਨੀ ਨੂੰ ਦਿੱਤੀ ਜਾਵੇਗੀ ਅਤੇ ਨਾਲ ਹੀ ਦੋਵਾਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਵੀ ਕੀਤਾ ਜਾਵੇਗਾ।” ਸਰਕਾਰ ਨੇ ਪਰਿਵਾਰ ਲਈ 6 ਮਹੀਨਿਆਂ ਤੱਕ ਗੁਜ਼ਾਰੇ ਭੱਤੇ ਦਾ ਪ੍ਰਬੰਧ ਵੀ ਕੀਤਾ ਹੈ।ਪਰ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਸ਼ਿਵਰਾਜ ਸਰਕਾਰ ਮੁਲਜ਼ਮ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ।

ਕਾਂਗਰਸ ਦੇ ਮੀਡੀਆ ਤਾਲਮੇਲ ਅਧਿਕਾਰੀ ਨਰਿੰਦਰ ਸਲੂਜਾ ਨੇ ਕਿਹਾ, “ਭਾਜਪਾ ਸਰਕਾਰ ਦੇ ਪਿਛਲੇ 15 ਸਾਲਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਹਾਲ ਦੇ 7 ਮਹੀਨਿਆਂ ਦੀ, ਉਨ੍ਹਾਂ ਦੇ ਕਾਰਜਕਾਲ ‘ਚ ਗਰੀਬ, ਦਲਿਤ, ਆਦਿਵਾਸੀਆਂ ਅਤੇ ਪਛੜੀਆਂ ਜਾਤੀਆਂ ‘ਤੇ ਜ਼ੁਲਮ ਅਤੇ ਅੱਤਿਆਚਾਰ ਦੀ ਘਟਨਾਵਾਂ ‘ਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਹ ਦੱਬੇ ਹੋਏ ਲੋਕ ਕਰਜ਼ੇ ਦੇ ਭਾਰ ਹੇਠ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਇਹ ਤਾਜ਼ਾ ਘਟਨਾ ਵੀ ਇਸੇ ਦੀ ਹੀ ਮਿਸਾਲ ਹੈ।”

ਬੰਧੂਆ ਮੁਕਤੀ ਮੋਰਚਾ ਦੇ ਨਰਿੰਦਰ ਭਦੌਰੀਆ ਮੁਤਾਬਕ,“ਗੁਨਾ ਜ਼ਿਲ੍ਹੇ ‘ਚ ਵੱਡੀ ਗਿਣਤੀ ‘ਚ ਬੰਧੂਆ ਮਜ਼ਦੂਰ ਕੰਮ ਕਰ ਰਹੇ ਹਨ ਪਰ ਪ੍ਰਸ਼ਾਸਨ ਇੱਥੇ ਇੱਕ ਵੀ ਬੰਧੂਆ ਮਜ਼ਦੂਰ ਨਾ ਹੋਣ ਦੀ ਗੱਲ ਕਹਿ ਰਿਹਾ ਹੈ।ਪ੍ਰਸ਼ਾਸਨ ਸਭ ਕੁੱਝ ਜਾਣਦੇ ਹੋਏ ਵੀ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਬੈਠਾ ਹੋਇਆ ਹੈ।ਇਸ ਲਈ ਹੀ ਇਸ ਪ੍ਰਥਾ ਤੋਂ ਆਜ਼ਾਦ ਹੋਣ ਤੋਂ ਬਾਅਧ ਵੀ ਇੰਨ੍ਹਾਂ ਲੋਕਾਂ ਨੂੰ ਉੱਚਿਤ ਮਦਦ ਨਹੀਂ ਮਿਲਦੀ ਹੈ।”