India

ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 151 ਮੌਤਾਂ, 220 ਲਾਪਤਾ, ਬਚਾਅ ਕਾਰਜ ਜਾਰੀ

ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 151 ਤੱਕ ਪਹੁੰਚ ਗਈ ਹੈ। 116 ਹਸਪਤਾਲ ਵਿੱਚ ਹਨ, ਜਦੋਂ ਕਿ 220 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੋਮਵਾਰ ਦੇਰ ਰਾਤ ਮੁੰਡਾਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ।

ਫੌਜ, ਹਵਾਈ ਸੈਨਾ, ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਵਿੱਚ ਲੱਗੀਆਂ ਹੋਈਆਂ ਹਨ। ਦੇਰ ਰਾਤ ਤੱਕ 1 ਹਜ਼ਾਰ ਲੋਕਾਂ ਨੂੰ ਮਲਬੇ ਤੋਂ ਬਚਾਇਆ ਜਾ ਚੁੱਕਾ ਸੀ। ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ, ਜੋ ਸਵੇਰੇ ਮੁੜ ਸ਼ੁਰੂ ਕੀਤਾ ਗਿਆ ਸੀ। ਮੰਗਲਵਾਰ ਨੂੰ 225 ਫੌਜੀ ਜਵਾਨਾਂ ਨੂੰ ਕੰਨੂਰ ਤੋਂ ਵਾਇਨਾਡ ਭੇਜਿਆ ਗਿਆ। ਬਚਾਅ ਲਈ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਭੇਜੇ ਗਏ ਸਨ, ਪਰ ਮੀਂਹ ਕਾਰਨ ਉਨ੍ਹਾਂ ਨੂੰ ਕੋਝੀਕੋਡ ਪਰਤਣਾ ਪਿਆ।

ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਜ਼ਮੀਨ ਖਿਸਕਣ ’ਚ ਮਾਰੇ ਗਏ 34 ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ’ਚੋਂ 18 ਲਾਸ਼ਾਂ ਮ੍ਰਿਤਕਾਂ ਦੇ ਪਰਵਾਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪੋਥੁਕਲ ’ਚ ਚਲਿਆਰ ਨਦੀ ਤੋਂ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਾਸ਼ਾਂ ਦੇ ਟੁਕੜੇ ਵੀ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ, ‘‘ਕਈ ਲੋਕਾਂ ਦੇ ਫਸੇ ਹੋਣ ਜਾਂ ਵਹਿ ਜਾਣ ਦਾ ਖਦਸ਼ਾ ਹੈ ਅਤੇ ਅਸੀਂ ਬਚਾਅ ਕਾਰਜ ਜਾਰੀ ਰੱਖਾਂਗੇ।’’ ਇਹ ਜ਼ਮੀਨ ਖਿਸਕਣ ਦੀ ਘਟਨਾ ਮੰਗਲਵਾਰ ਤੜਕੇ ਵਾਪਰੀ, ਜਦੋਂ ਲੋਕ ਅਪਣੇ ਘਰਾਂ ਵਿਚ ਸੌਂ ਰਹੇ ਸਨ। ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਜ਼ਮੀਨ ਖਿਸਕਣ ਦੀ ਘਟਨਾ ਤਬਾਹੀ ਦੇ ਨਿਸ਼ਾਨ ਛੱਡ ਗਈ ਹੈ। ਕਈ ਘਰ ਤਬਾਹ ਹੋ ਗਏ ਹਨ, ਨਦੀਆਂ ਉਫਾਨ ’ਤੇ ਹਨ ਅਤੇ ਕਈ ਦਰੱਖਤ ਉਖੜ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ’ਤੇ ਦੁੱਖ ਜ਼ਾਹਰ ਕੀਤਾ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੰਕਟ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ। ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਵਾਇਨਾਡ ’ਚ ਕੁੱਝ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਤੋਂ ਦੁਖੀ ਹਾਂ। ਮੇਰੇ ਵਿਚਾਰ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਅਪਣੇ ਪਿਆਰਿਆਂ ਅਤੇ ਜ਼ਖਮੀਆਂ ਨੂੰ ਗੁਆ ਦਿਤਾ ਹੈ, ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਪ੍ਰਭਾਵਤ ਲੋਕਾਂ ਦੀ ਮਦਦ ਲਈ ਬਚਾਅ ਕਾਰਜ ਜਾਰੀ ਹਨ।’’ ਮੋਦੀ ਨੇ ਟਵੀਟ ਕੀਤਾ, ‘‘ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਉੱਥੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਤਾ।