ਜਲੰਧਰ : ਜਲੰਧਰ ਜ਼ਿਮਨੀ ਚੋਣ ਨੂੰ ਲੈਕੇ 9 ਅਤੇ 10 ਮਈ ਨੂੰ ਜਲੰਧਰ ਲੋਕਸਭਾ ਹਲਕੇ ਅਧੀਨ ਆਉਣ ਵਾਲੇ ਸਾਰੇ ਸਰਕਾਰੀ,ਗੈਰ ਸਰਕਾਰੀ ਅਤੇ ਕਾਲਜ ਬੰਦ ਰਹਿਣਗੇ । 9 ਮਈ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਬੂਥ ਬਣਾਏ ਜਾਣਗੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ ਇਸੇ ਲਈ 9 ਤਰੀਕ ਨੂੰ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ ਇਸ ਤੋਂ ਇਲਾਵਾ 10 ਮਈ ਨੂੰ ਵੋਟਿੰਗ ਦੀ ਵਜ੍ਹਾ ਕਰਕੇ ਸਕੂਲ ਅਤੇ ਕਾਲਜ ਬੰਦ ਰਹਿਣਗੇ । ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ । ਇਹ ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਈਮਰੀ,ਜਿਲ੍ਹਾ ਲੋਕ ਸੰਪਰਕ ਅਫਸਰ ਜਲੰਧਰ ਨੂੰ ਭੇਜਿਆ ਗਿਆ ਹੈ । ਇਸ ਤੋਂ ਇਲਾਵਾ 10 ਮਈ ਨੂੰ ਜਲੰਧਰ ਅਧੀਨ ਆਉਂਦੇ ਬੋਰਡਾਂ,ਕਾਪਰੋਰੇਸ਼ਨਾਂ ਅਤੇ ਸਰਕਾਰੀ ਦਫਤਰਾਂ ਵਿੱਚ ਵੀ ਛੁੱਟੀ ਰਹੇਗੀ ।
ਜਲੰਧਰ ਲੋਕਸਭਾ ਅਧੀਨ 9 ਵਿਧਾਨਸਭਾ
10 ਮਈ ਨੂੰ ਹੋਣ ਵਾਲ ਜਲੰਧਰ ਜ਼ਿਮਨੀ ਚੋਣ ਦਾ ਨਤੀਜਾ 13 ਮਈ ਨੂੰ ਐਲਾਨਿਆਂ ਜਾਵੇਗਾ । 9 ਵਿਧਾਨਸਭਾ ਹਲਕੇ ਵਿੱਚ ਕੁੱਲ 16,26,337 ਵੋਟਰ ਹਨ। ਫਿਲੌਰ ਵਿੱਚ ਸਭ ਤੋਂ ਵੱਧ 1,99,776 ਵੋਟਰ ਹਨ। ਵੋਟਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ । ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ । ਪਿਛਲੇ 2 ਦਹਾਕਿਆਂ ਤੋਂ ਕਾਂਗਰਸ ਹੀ ਜਲੰਧਰ ਲੋਕਸਭਾ ਚੋਣ ਜਿੱਤ ਦੀ ਆਈ ਹੈ । ਇਸ ਲਈ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਵੀ ਜਲੰਧਰ ਜ਼ਿਮਨੀ ਚੋਣ ਪਾਰਟੀ ਦੇ ਲਈ ਵਕਾਰ ਦਾ ਸਵਾਲ ਹੈ । 9 ਵਿਧਾਨਸਭਾ ਹਲਕਿਆਂ ਵਿੱਚੋਂ 5 ‘ਤੇ ਕਾਂਗਰਸ ਦੇ ਵਿਧਾਇਕ ਹਨ ਜਦਕਿ 4 ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ । ਮੈਦਾਨ ਵਿੱਚ ਬੀਜੇਪੀ,ਅਕਾਲੀ ਇਸ ਵਾਰ ਵੱਖ-ਵੱਖ ਚੋਣ ਲੜ ਰਹੇ ਹਨ। ਬੀਜੇਪੀ ਇਕੱਲੀ ਜਦਕਿ ਅਕਾਲੀ ਦਲ- BSP ਨਾਲ ਮਿਲ ਕੇ ਚੋਣਾਂ ਵਿੱਚ ਦਾਅਵਾ ਪੇਸ਼ ਕਰ ਰਹੀ ਹੈ । ਸ੍ਰੋਮਣੀ ਅਕਾਲ ਦਲ ਅੰਮ੍ਰਿਤਸਰ ਨੇ ਵੀ ਸੰਗਰੂਰ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਲਈ ਵੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ । ਸੁਖਦੇਵ ਸਿੰਘ ਢੀਂਡਸਾ ਅਤੇ ਬੈਂਸ ਭਰਾਵਾਂ ਦੀਆਂ ਪਾਰਟੀਆਂ ਨੇ ਬੀਜੇਪੀ ਨੂੰ ਹਮਾਇਤ ਦਿੱਤੀ ਹੈ ।
ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ
ਕਾਂਗਰਸ ਨੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਕਾਂਗਰਸ ਤੋਂ ਆਪ ਵਿੱਚ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ, ਰਿੰਕੂ 2017 ਵਿੱਚ ਕਾਂਗਰਸ ਤੋਂ ਵਿਧਾਇਕ ਸਨ । ਅਕਾਲੀ ਦਲ ਨੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੂੰ ਮੈਦਾਨ ਵਿੱਚ ਉਤਾਰਿਆ ਹੈ । ਸੁੱਖੀ BSP ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਨ । ਇਸ ਤੋਂ ਇਲਾਵਾ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਬੀਜੇਪੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਉਹ ਵੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਸਾਬਕਾ ਲੋਕਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰਜੰਤ ਸਿੰਘ ਕੱਟੂ ਨੂੰ ਆਪਣੀ ਉਮੀਦਵਾਰ ਬਣਾਇਆ ਹੈ ।