Punjab

ਵੱਡੀ ਅਣਗਹਿਲੀ ਕਾਰਨ ਬਰਬਾਦ ਹੋਇਆ ਬੱਚਿਆਂ ਦਾ ਇੱਕ ਸਾਲ,ਕੋਣ ਜਿੰਮੇਵਾਰ ?

ਲੁਧਿਆਣਾ :  ਲੰਘੀ 24 ਮਾਰਚ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਇੱਕ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਹੈ,ਜਿਸ ਦਾ ਸਿੱਧਾ ਅਸਰ ਇਹ ਹੋਇਆ ਹੈ ਕਿ ਲੁਧਿਆਣੇ ਜ਼ਿਲ੍ਹੇ ਦੇ ਇੱਕ ਸਕੂਲ ਦੇ ਕਈ ਬੱਚਿਆਂ ਦਾ ਸਾਲ ਖਰਾਬ ਹੋ ਗਿਆ ਹੈ।

ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਕਾਉਂਕੇ ਕਲਾਂ ਦੇ ਇੱਕ ਸਕੂਲ ਦਾ ਹੈ ,ਜਿਸ ਬਾਰੇੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਕੂਲ ਦੇ 26 ਵਿਦਿਆਰਥੀ ਜਦੋਂ ਪ੍ਰੀਖਿਆ ਦੇਣ ਲਈ ਜਗਰਾਉਂ ਦੇ ਖਾਲਸਾ ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਵਿੱਚ ਪੁੱਜੇ ਤਾਂ ਪ੍ਰੀਖਿਆ ਨਿਗਰਾਨ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਜਿਸ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਇਹਨਾਂ ਬੱਚਿਆਂ ਨੂੰ ਸਕੂਲ ਵੱਲੋਂ ਦਿੱਤੇ ਗਏ ਰੋਲ ਨੰਬਰ  ਸਹੀ ਨਹੀਂ ਪਾਏ ਗਏ।ਇਸ ਕਾਰਨ ਇਹ ਵਿਦਿਆਰਥੀ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਨਹੀਂ ਹਨ। ਹੁਣ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਸੰਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦੇ ਬਾਹਰ ਰੋਂਦੇ ਦੇਖਿਆ ਗਿਆ ਹੈ।ਪੀੜਤ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਬੋਰਡ ਦੀ ਪ੍ਰੀਖਿਆ ਵਿੱਚ ਅਜਿਹੀ ਘੋਰ ਅਣਗਹਿਲੀ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਕੁਝ ਮਾਪਿਆਂ ਨੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਦਫ਼ਤਰ ਵਿੱਚ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਬੱਚਿਆਂ ਦਾ ਪੇਪਰ ਪੰਜਾਬੀ ਵਿਸ਼ੇ ਦਾ ਸੀ। ਰੋਲ ਨੰਬਰ ਗਲਤ ਹੋਣ ਕਾਰਨ ਉਹ ਪ੍ਰੀਖਿਆ ਦੇਣ ਤੋਂ ਖੁੰਝ ਗਏ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਨੇ ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਵੀ ਨਹੀਂ ਕੀਤੀ ਹੈ।