International

ਦੁਬਈ ਦੇ ਇਸ ਹਸਪਤਾਲ ਨੇ ਕੋਰੋਨਾ ਮਰੀਜ਼ ਦਾ 1.5 ਕਰੋੜ ਰੁਪਏ ਦਾ ਬਿਲ ਕੀਤਾ ਮੁਆਫ : ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਵਿਸ਼ਵ ਭਰ ਦੇ ਲੋਕਾਂ ਦੀ ਵੱਡੀ ਗਿਣਤੀ ‘ਚ ਕੋਰੋਨਾਵਾਇਰਸ ਦੀ ਲਪੇਟ ‘ਚ ਆਉਣ ਨਾਲ ਪੂਰਾ ਵਿਸ਼ਵ ਇੱਕ ਡਰ ਦੇ ਮਾਹੌਲ ‘ਚ ਦੱਬ ਕੇ ਰਹਿ ਗਿਆ ਹੈ। ਜਿਸ ਕਾਰਨ ਇਸ ਤੋਂ ਬਚਣ ਲਈ ਕਈ ਲੋਕ ਆਪਣੇ ਮੂਲਕਾਂ ਤੇ ਸ਼ਹਿਰਾਂ ‘ਚ ਹੀ ਫਸ ਕੇ ਰਹਿ ਗਏ। ਕੁੱਝ ਅਜਿਹਾ ਹੀ ਇੱਕ ਮਾਮਲਾ ਦੁਬਈ ‘ਚ ਸਾਹਮਣੇ ਆਇਆ ਹੈ। ਓਡਨਾਲਾ ਰਾਜੇਸ਼ ਨਾਂ ਦਾ ਇੱਕ ਗਰੀਬ ਆਦਮੀ ਜੋ ਕਿ ਤੇਲੰਗਾਨਾ (ਭਾਰਤ) ਦਾ ਰਹਿਣ ਵਾਲਾ ਹੈ ਪਰ ਦੁਬਈ ‘ਚ ਪਿਛਲੇਂ ਤਿੰਨ ਮਹੀਨਿਆਂ ਤੋਂ ਰਹਿ ਰਿਹਾ ਸੀ। ਰਾਜੇਸ਼ ਨੂੰ ਕੋਰੋਨਾਵਾਇਰਸ ਹੋ ਜਾਣ ਕਾਰਨ ਇੱਥੋਂ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪਰ ਛੁੱਟੀ ਵੇਲੇ ਉਸ ਕੋਲ ਇਲਾਜ਼ ਦਾ ਖਰਚਾ ਦੇਣ ਲਈ ਇੱਕ ਪੈਸਾ ਵੀ ਨਹੀਂ ਬਚਿਆ ਸੀ। ਅਜਿਹੀ ਸਥਿਤੀ ਵਿੱਚ ਹਸਪਤਾਲ ਨੇ ਉਸ ਦੀ 1.52 ਕਰੋੜ ਰੁਪਏ ਦੀ ਫੀਸ ਮੁਆਫ ਕਰ ਦਿੱਤੀ ਅਤੇ ਨਾਲ ਹੀ ਉਸ ਨੂੰ ਟਿਕਟ ਦੇ ਕੇ ਭਾਰਤ ਭੇਜਿਆ ਤੇ 10 ਹਜ਼ਾਰ ਰੁਪਏ ਵੀ ਦਿੱਤੇ।

ਤੇਲੰਗਾਨਾ ਦੇ ਸ਼ਹਿਰ ਜਗੀਟਲ ‘ਚ ਰਹਿਣ ਵਾਲੇ ਓਡਨਾਲਾ ਰਾਜੇਸ਼ ਨੂੰ ਦੁਬਈ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸਦਾ ਇਲਾਜ ਤਕਰੀਬਨ 80 ਦਿਨ ਚਲਦਾ ਰਿਹਾ। ਜਦੋਂ ਉਹ ਠੀਕ ਹੋ ਗਿਆ ਤਾਂ ਹਸਪਤਾਲ ਨੇ ਉਸ ਨੂੰ ਛੁੱਟੀ ਦੇਣ ਤੋਂ ਪਹਿਲਾਂ 1.52 ਕਰੋੜ ਰੁਪਏ ਦਾ ਬਿੱਲ ਅਦਾ ਕਰਨ ਲਈ ਕਿਹਾ।

ਦਰਅਸਲ, ਰਾਜੇਸ਼ ਨੂੰ ਗਲਫ ਪ੍ਰੋਟੈਕਸ਼ਨ ਸੁਸਾਇਟੀ ਦੇ ਚੇਅਰਮੈਨ, ਗੁੰਡੇਲੀ ਨਰਸਿਮਹਾ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਉਹ ਰਾਜੇਸ਼ ਨਾਲ ਨਿਰੰਤਰ ਸੰਪਰਕ ਵਿੱਚ ਰਿਹਾ। ਉਸਨੇ ਹਸਪਤਾਲ ਦੇ ਬਿੱਲਾਂ ਤੇ ਰਾਜੇਸ਼ ਦੇ ਇਲਾਜ ਦਾ ਕੇਸ ਦੁਬਈ ਦੇ ਭਾਰਤੀ ਕੌਂਸਲੇਟ ਜਨਰਲ ਸ਼੍ਰੀਮਾਨ ਸੁਥ ਰੈੱਡੀ ਅੱਗੇ ਪੇਸ਼ ਕੀਤਾ ਸੀ।

ਇਸ ਤੋਂ ਬਾਅਦ ਇੱਕ ਹੋਰ ਕੌਂਸਲੇਟ ਅਧਿਕਾਰੀ ਹਰਜੀਤ ਸਿੰਘ ਨੇ ਦੁਬਈ ਦੇ ਹਸਪਤਾਲ ਦੇ ਪ੍ਰਬੰਧਨ ਨੂੰ ਇੱਕ ਪੱਤਰ ਲਿਖਿਆ। ਇਸ ਵਿੱਚ, ਉਸਨੇ ਮਨੁੱਖਤਾ ਦੇ ਅਧਾਰ ਉੱਤੇ ਰਾਜੇਸ਼ ਦੇ ਬਿੱਲ ਨੂੰ ਮਾਫ ਕਰਨ ਦੀ ਅਪੀਲ ਕੀਤੀ। ਹਸਪਤਾਲ ਨੇ ਉਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਰਾਜੇਸ਼ ਦਾ ਸਾਰਾ ਬਿੱਲ ਮੁਆਫ ਕਰ ਦਿੱਤਾ। ਇੰਨਾ ਹੀ ਨਹੀਂ, ਰਾਜੇਸ਼ ਨੂੰ (ਭਾਰਤ) ਤੇਲੰਗਾਨਾ ‘ਚ ਉਨ੍ਹਾਂ ਦੇ ਘਰ ਭੇਜਣ ਲਈ ਮੁਫ਼ਤ ਉਡਾਣ ਦੀ ਟਿਕਟ ਵੀ ਦਿੱਤੀ ਗਈ ਤੇ ਨਾਲ ਹੀ 10 ਹਜ਼ਾਰ ਰੁਪਏ ਵੀ ਦਿੱਤੇ ਗਏ ਹਨ। ਰਾਜੇਸ਼ 14 ਜੁਲਾਈ ਦੀ ਰਾਤ ਨੂੰ ਆਪਣੇ ਸ਼ਹਿਰ ਪਹੁੰਚ ਗਿਆ, ਅਤੇ ਡਾਕਟਰਾਂ ਦੀ ਹਿਦਾਇਤ ਮੁਤਾਬਿਕ ਉਹ ਹੁਣ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।