Punjab

ਫ਼ਿਰੋਜ਼ਪੁਰ ‘ਚ DSP ਸੁਰਿੰਦਰਪਾਲ ਬਾਂਸਲ ਗ੍ਰਿਫ਼ਤਾਰ: 5 ਲੱਖ ਦੀ ਰਿਸ਼ਵਤ ਲੈਣ ਅਤੇ ਅਹੁਦੇ ਦੀ ਦੁਰਵਰਤੋੋਂ ਦਾ ਮਾਮਲਾ…

DSP Surinderpal Bansal arrested in Ferozepur: 5 lakh bribe and abuse of office case...

ਫ਼ਿਰੋਜ਼ਪੁਰ ਸਬ-ਡਵੀਜ਼ਨ ਦੇ ਡੀਐੱਸਪੀ ਸੁਰਿੰਦਰਪਾਲ ਬਾਂਸਲ ਨੂੰ ਪੁਲਿਸ ਨੇ ਸੋਮਵਾਰ ਰਾਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਕੈਂਟ ਥਾਣੇ ਵਿੱਚ ਰੱਖਿਆ ਗਿਆ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫ਼ਤਾਰੀ 5 ਲੱਖ ਰੁਪਏ ਦੀ ਰਿਸ਼ਵਤ ਅਤੇ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਨਾਲ ਸਬੰਧਤ ਹੈ।

ਡੀਐੱਸਪੀ ਸੁਰਿੰਦਰਪਾਲ ਬਾਂਸਲ ਵੱਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਦੇ ਐਸਪੀ-ਡੀ ਰਣਧੀਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਿਸ ‘ਚ ਖ਼ੁਲਾਸਾ ਹੋਇਆ ਸੀ ਕਿ ਬਾਂਸਲ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੋਂ ਗੂਗਲ ਪੇਅ ਰਾਹੀਂ ਆਪਣੇ ਖਾਤੇ ‘ਚ ਕਰੀਬ 5 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਦੋਸ਼ ਹੈ ਕਿ ਇੱਕ ਗੰਭੀਰ ਮਾਮਲੇ ਵਿੱਚ ਲੋੜੀਂਦਾ ਗੁਰਮੇਜ ਸਿੰਘ ਨੂੰ ਬਾਂਸਲ ਨੇ ਆਪਣੀ ਜਾਂਚ ਵਿੱਚ ਬੇਕਸੂਰ ਕਰਾਰ ਦਿੱਤਾ ਸੀ।

ਮੀਡੀਆ ਰਿਪੋਰਟ ਮੁਤਾਬਕ ਸਥਾਨਕ ਸੱਤਾਧਾਰੀ ਧਿਰ ਦੇ ਇੱਕ ਸੀਨੀਅਰ ਆਗੂ ਦੀ ਸ਼ਮੂਲੀਅਤ ਕਾਰਨ ਪੁਲੀਸ ਦੇ ਉੱਚ ਅਧਿਕਾਰੀ ਬਿਨਾਂ ਠੋਸ ਸਬੂਤਾਂ ਦੇ ਬਾਂਸਲ ਨੂੰ ਗ੍ਰਿਫ਼ਤਾਰ ਕਰਨ ਤੋਂ ਡਰਦੇ ਸਨ। ਜਿਵੇਂ ਹੀ ਠੋਸ ਸਬੂਤ ਇਕੱਠੇ ਕੀਤੇ ਗਏ, 6 ਦਸੰਬਰ 2023 ਨੂੰ ਤਫ਼ਤੀਸ਼ੀ ਅਫ਼ਸਰ ਐਸਪੀ-ਡੀ ਰਣਧੀਰ ਕੁਮਾਰ ਦੀ ਸ਼ਿਕਾਇਤ ‘ਤੇ ਫ਼ਿਰੋਜ਼ਪੁਰ ਕੈਂਟ ਥਾਣੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਨਿਯਮਾਂ ਤਹਿਤ ਬਾਂਸਲ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਸੀ। ਇਸ ਦੌਰਾਨ ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲਿਸ ਨੇ ਬਾਂਸਲ ਦੇ ਫ਼ਿਰੋਜ਼ਪੁਰ ਅਤੇ ਲੁਧਿਆਣਾ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ।

ਇਸ ਤੋਂ ਪਹਿਲਾਂ ਬਾਂਸਲ ਨੇ ਆਪਣੇ ਅਧੀਨ ਇਕ ਇੰਸਪੈਕਟਰ ਸਮੇਤ 10 ਪੁਲਿਸ ਮੁਲਾਜ਼ਮਾਂ ‘ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਸਨ। ਇਸ ਮਾਮਲੇ ਦੀ ਜਾਂਚ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਬਾਂਸਲ ਰਿਸ਼ਵਤ ਦੇ ਕੇਸ ਵਿੱਚ ਫਸ ਗਏ ਸਨ।