Punjab

ਮੂਸੇਵਾਲਾ ਦੇ ਪਿਤਾ ਦੇ ਸੁਰੱਖਿਆ ਮੁਲਾਜ਼ਮਾਂ ਦੀ ਝੜਪ ਦੇ ਮਾਮਲੇ ’ਤੇ DSP- ‘ਇਹ ਸਕਿਉਰਟੀ ਬਰੀਚ ਨਹੀਂ! ਝੜਪ ਵੇਲੇ ਮੁਲਾਜ਼ਮ ਡਿਊਟੀ ਤੋਂ ਬਾਹਰ’

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ 3 ਸੁਰੱਖਿਆ ਮੁਲਾਜ਼ਮਾਂ ਵਿਚਾਲੇ ਝੜਪ ਨੂੰ ਲੈ ਕੇ ਡੀਐੱਸਪੀ ਮਾਨਸਾ ਜੀਐੱਸ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੀ ਰਾਤ 11 ਵਜੇ ਦੇ ਕਰੀਬ ਸਵਰਗੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ 3 ਸੁਰੱਖਿਆ ਮੁਲਾਜ਼ਮਾਂ ਵਿਚਾਲੇ ਝੜਪ ਹੋਈ। ਮੁਲਾਜ਼ਮਾਂ ਵਿਚਾਲੇ ਲੜਾਈ ਦਾ ਕਾਰਨ ਕੋਈ ਨਿੱਜੀ ਮਾਮਲਾ ਸੀ ਜੋ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਹ ਲੜਾਈ ਉਦੋਂ ਹੋਈ ਜਦੋਂ ਉਹ ਡਿਊਟੀ ਤੋਂ ਬਾਹਰ ਸਨ। ਇਸ ਲਈ ਇਹ ਸੁਰੱਖਿਆ ਦੀ ਉਲੰਘਣਾ ਨਹੀਂ ਹੈ।

ਡੀਐੱਸਪੀ ਜੀਐੱਸ ਬੈਂਸ ਨੇ ਦੱਸਿਆ ਕਿ ਕਾਂਸਟੇਬਲ ਗੁਰਦੀਪ ਸਿੰਘ, ਕਾਂਸਟੇਬਲ ਅਰੁਨ ਕੁਮਾਰ, ਕਾਂਸਟੇਬਲ ਵਿਕਰਮ ਸਿੰਘ ਆਪਸ ਵਿੱਚ ਭਿੜ ਗਏ। ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਇਨ੍ਹਾਂ ਦੀ ਆਪਸ ਵਿੱਚ ਤਕਰਾਰ ਹੋਈ। ਫਿਰ ਭੜਕਾਹਟ ਵਿੱਚ ਆ ਕੇ ਇਨ੍ਹਾਂ ਨੇ ਆਪਸ ਵਿੱਚ ਹੱਥੋਪਾਈ ਕੀਤੀ। ਕਾਂਸਟੇਬਲ ਗੁਰਦੀਪ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਅਰੁਨ ਕੁਮਾਰ ਦੇ ਕੜੇ ਨਾਲ ਉਸ ਦੇ ਸਿਰ ਵਿੱਚ ਸੱਟ ਲੱਗੀ ਹੈ ਜਿਸ ਕਰਕੇ ਉਹ ਹਸਪਤਾਲ ਵਿੱਚ ਦਾਖ਼ਲ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਦਾ ਜੋ ਗੁਨਾਹ ਹੋਏਗਾ, ਉਹੋ ਜਿਹੀ ਕਾਨੂੰਨੀ ਤੇ ਮਹਿਕਮੇ ਦੀ ਕਾਰਵਾਈ ਕੀਤੀ ਜਾਵੇਗੀ। ਲੜਾਈ ਦਾ ਕਾਰਨ ਹਾਲੇ ਪਤਾ ਨਹੀਂ ਲੱਗਾ, ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਹਾਲੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਜਿਸ ਦੀ ਗ਼ਲਤੀ ਪਾਈ ਜਾਏਗੀ ਉਸ ਨੂੰ ਬਦਲ ਦਿੱਤਾ ਜਾਵੇਗਾ।