India

ਦਿੱਲੀ ‘ਚ ਮੁਕੰਮਲ ਹੋਇਆ ਵੋਟਿੰਗ ਦਾ ਸਿਲਸਿਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅੱਜ ਸ਼ਾਂਤੀਪੂਰਵਕ ਚੋਣ ਮੁਕੰਮਲ ਹੋ ਗਈ ਹੈ। DSGMC ਦੀਆਂ ਚੋਣ ਵਿੱਚ 65 ਫ਼ੀਸਦੀ ਵੋਟਿੰਗ ਹੋਈ ਹੈ। ਇਨ੍ਹਾਂ ਚੋਣਾਂ ਦਾ ਨਤੀਜਾ 25 ਅਗਸਤ ਨੂੰ ਆਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 46 ਵਾਰਡਾਂ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਗਈਆਂ ਤੇ ਸਿੱਖ ਵੋਟਰਾਂ ਨੇ 312 ਉਮੀਦਵਾਰਾਂ ਲਈ ਵੋਟ ਪਾਈ। ਇਨ੍ਹਾਂ ਚੋਣਾਂ ਵਿੱਚ ਰਜਿਸਟਰਡ ਪਾਰਟੀਆਂ ਦੇ 180 ਉਮੀਦਵਾਰ ਸ਼ਾਮਲ ਹਨ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ 132 ਹੈ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਅੰਕੜਿਆਂ ਮੁਤਾਬਕ ਵੋਟਰਾਂ ਨੇ 546 ਪੋਲਿੰਗ ਬੂਥਾਂ ‘ਤੇ ਵੋਟ ਪਾਈ। ਚੋਣ ਬੋਰਡ ਵੱਲੋਂ 46 ਵਾਰਡਾਂ ਲਈ 23 ਨਿਗਰਾਨ ਨਿਯੁਕਤ ਕੀਤੇ ਗਏ ਹਨ। ਰੱਖੜੀ ਦਾ ਤਿਓਹਾਰ ਹੋਣ ਕਰਕੇ ਸਵੇਰੇ ਵੋਟਾਂ ਪਾਉਣ ਦਾ ਅਮਲ ਸੁਸਤ ਰਫ਼ਤਾਰ ਨਾਲ ਸ਼ੁਰੂ ਹੋਇਆ ਅਤੇ 11 ਵਜੇ ਤੱਕ 8.73 ਫ਼ੀਸਦੀ ਵੋਟਾਂ ਹੀ ਪਈਆਂ ਸਨ। 3 ਵਜੇ ਤੱਕ 33 ਫੀਸਦ ਵੋਟਾਂ ਪੈ ਚੁੱਕੀਆਂ ਸਨ। ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਥੀਆਂ, ਪੰਥਕ ਸੇਵਾ ਦਲ, ਜਾਗੋ ਦਰਮਿਆਨ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਇਸ ਧੜੇ ਨੇ ਆਪਣੇ ਕੰਮਾਂ ਦੇ ਜ਼ੋਰ ਦੇ ਕੇ ਸਿੱਖ ਵੋਟਰਾਂ ਤੱਕ ਪਹੁੰਚ ਬਣਾਈ। ਵਿਰੋਧੀ ਧਿਰਾਂ ਵੱਲੋਂ ਬਾਦਲ ਧੜੇ ਖ਼ਿਲਾਫ਼ ਬੇਅਦਬੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਚੋਣ ਮੁਹਿੰਮ ਭਖਾਈ ਗਈ। ਇਸ ਵਾਰ 3 ਲੱਖ 42 ਹਜ਼ਾਰ ਸਿੱਖ ਵੋਟਰ ਦਿੱਲੀ ਵਿੱਚ ਰਹਿ ਗਏ ਹਨ। 2017 ਵਿੱਚ 3 ਲੱਖ 86 ਹਜ਼ਾਰ ਵੋਟਰ ਸਨ। ਪਿਛਲੀਆਂ 2017 ਦੀਆਂ ਚੋਣਾਂ ਦੌਰਾਨ 45 ਫੀਸਦ ਵੋਟਾਂ ਪੋਲ ਹੋਈਆਂ ਸਨ।